The Khalas Tv Blog Punjab ਚੰਡੀਗੜ੍ਹ ਆਉਣ ਵਾਲੇ ਅਲਰਟ ! 34 ਫੀਸਦੀ ਚਲਾਨ ਵਿੱਚ ਵਾਧਾ,ਇਹ ਨਿਯਮ ਤੋੜਨ ਵਾਲਿਆਂ ‘ਤੇ ਸਭ ਤੋਂ ਵੱਧ ਸਖ਼ਤੀ
Punjab

ਚੰਡੀਗੜ੍ਹ ਆਉਣ ਵਾਲੇ ਅਲਰਟ ! 34 ਫੀਸਦੀ ਚਲਾਨ ਵਿੱਚ ਵਾਧਾ,ਇਹ ਨਿਯਮ ਤੋੜਨ ਵਾਲਿਆਂ ‘ਤੇ ਸਭ ਤੋਂ ਵੱਧ ਸਖ਼ਤੀ

chandigarh traffic police cutt 34 percent more challan

ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦਾ ਇੱਕ ਵੀ ਮਾਮਲਾ ਨਹੀਂ

ਬਿਊਰੋ ਰਿਪੋਰਟ : ਚੰਡੀਗੜ੍ਹ ਸਖ਼ਤ ਟਰੈਫਿਕ ਨਿਯਮਾਂ ਲਈ ਜਾਣਿਆ ਜਾਂਦਾ ਹੈ। ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਰਫ਼ਤਾਰ ਦੇ ਸ਼ੌਕੀਨੀ ਦੀਆਂ ਗੱਡੀਆਂ ਦੇ ਸਪੀਡੋ ਮੀਟਰ ਦੀ ਸੂਈ ਹੇਠਾਂ ਹੋ ਜਾਂਦੀ ਹੈ। ਰੈੱਡ ਲਾਈਟ ਤੋਂ ਪਹਿਲਾਂ ਬ੍ਰੇਕ ਲੱਗ ਜਾਂਦੀ ਹੈ। ਸੀਟ ਬੈਲਟ ਨਾ ਲਗਾਉਣ ਨੂੰ ਆਪਣੀ ਸ਼ਾਨ ਸਮਝਣ ਵਾਲਿਆਂ ਦੇ ਹੱਥ ਅਚਾਨਕ ਸੀਟ ਬੈਲਟ ‘ਤੇ ਪਹੁੰਚ ਜਾਂਦੇ ਹਨ । ਪਰ 10 ਮਹੀਨੇ ਦੇ ਅੰਦਰ ਚੰਡੀਗੜ੍ਹ ਟਰੈਫਿਕ ਨੇ ਚਲਾਨ ਦੇ ਜਿਹੜੇ ਅੰਕੜੇ ਜਾਰੀ ਕੀਤੇ ਹਨ ਉਹ ਹੈਰਾਨ ਕਰਨ ਵਾਲੇ ਹਨ । ਪਿਛਲੇ ਸਾਲ ਦੇ ਮੁਕਾਬਲੇ 10 ਮਹੀਨੇ ਦੇ ਅੰਦਰ ਹੀ 34.38 ਫੀਸਦੀ ਚਲਾਨ ਵੱਧੇ ਹਨ । ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਸਖ਼ਤੀ ਦੇ ਬਾਵਜੂਦ ਹੁਣ ਵੀ ਅਜਿਹੇ ਕਈ ਲੋਕ ਹਨ ਜੋ ਟਰੈਫਿਕ ਨਿਯਮਾਂ ਦਾ ਪਾਲਨ ਨਹੀਂ ਕਰ ਰਹੇ ਹਨ । RTI ਤੋਂ ਮਿਲੀ ਜਾਣਕਾਰੀ ਮੁਤਾਬਿਕ 10 ਮਹੀਨਿਆਂ ਦੇ ਵਿੱਚ 3,54,073 ਲੱਖ ਲੋਕਾਂ ਦਾ ਚਲਾਨ ਕੱਟਿਆ ਗਿਆ ਹੈ ਜਦਕਿ 2021 ਵਿੱਚ 2,32,319 ਲੋਕਾਂ ਦਾ ਚਲਾਨ ਕੱਟਿਆ ਗਿਆ ਸੀ । ਜੇਕਰ 2022 ਦੇ ਚਲਾਨ ਦੇ ਅੰਕੜਿਆਂ ਨੂੰ 2020 ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਤਕਰੀਬਨ 50 ਫੀਸਦੀ ਚਲਾਨ ਵਿੱਚ ਵਾਧਾ ਹੋਇਆ ਹੈ। 2020 ਵਿੱਚ 1,76,619 ਲੋਕਾਂ ਦਾ ਚੰਡੀਗੜ੍ਹ ਵਿੱਚ ਚਲਾਨ ਕੱਟਿਆ ਗਿਆ ਸੀ। ਇਸ ਸਾਲ ਜ਼ਿਆਦਾ ਚਲਾਨ ਕੱਟਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾਂ ਹੈ ਪੂਰੇ ਸ਼ਹਿਰ ਦੀਆਂ ਸੜਕਾਂ ਨੂੰ ਇਸ ਸਾਲ ਤੋਂ ਹਾਈਟੈਕ CCTV ਕੈਮਰੇ ਅਤੇ ਸਪੀਡੋ ਮੀਟਰ ਨਾਲ ਲੈਸ ਕਰ ਦਿੱਤਾ ਗਿਆ ਹੈ।

ਸਪੀਡ ਦੇ ਸਭ ਤੋਂ ਵੱਧ ਚਲਾਨ

RTI ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਸਾਲ ਕੱਟੇ ਗਏ ਕੁੱਲ ਚਲਾਨ ਵਿੱਚੋਂ 31 ਫੀਸਦ ਯਾਨੀ 1 ਲੱਖ 08 ਹਜ਼ਾਰ 331 ਚਲਾਨ ਸਪੀਡ ਦੇ ਕੱਟੇ ਗਏ ਹਨ। ਜਦਕਿ 2021 ਵਿੱਚ 64 ਹਜ਼ਾਰ 132 ਚਲਾਨ ਸਪੀਡ ਦੇ ਕੱਟੇ ਗਏ ਸਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ 91 ਹਜ਼ਾਰ 172 ਚਲਾਨ ਖ਼ਤਰਨਾਕ ਡਰਾਇਵਿੰਗ ਅਤੇ ਲਾਲ ਬੱਤੀ ਜੰਪ ਦੇ ਕੱਟੇ ਗਏ ਹਨ। ਜੋ ਕਿ ਕੁੱਲ ਚਲਾਨ ਦਾ 27 ਫੀਸਦੀ ਹੈ। ਜਦਕਿ 29,879 ਫੀਸਦੀ ਚਲਾਨ ਜ਼ੈਬਰਾ ਕਰਾਸਿੰਗ ਦੇ ਹਨ ।

ਲੈਨ ਡਰਾਇਵਿੰਗ ਦੇ ਚਲਾਨ ‘ਚ ਵੀ ਵਾਧਾ

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਲ ਚੰਡੀਗੜ੍ਹ ਵਿੱਚ 42.92 ਫੀਸਦੀ ਯਾਨੀ 23 ਹਜ਼ਾਰ 499 ਚਲਾਨ ਲੈਨ ਡਰਾਇਵਿੰਗ ਉਲੰਘਣਾ ਦੇ ਕੱਟੇ ਗਏ ਹਨ । ਜਦਕਿ 2021 ਵਿੱਚ 10 ਹਜ਼ਾਰ 87 ਚਲਾਨ ਅਤੇ 2020 ਵਿੱਚ ਸਿਰਫ਼ 59 ਚਲਾਨ ਹੀ ਗਲਤ ਲੈਨ ਡਰਾਈਵਿੰਗ ਦੀ ਉਲੰਘਣਾ ਦੇ ਕੱਟੇ ਸਨ ।

ਚੰਡੀਗੜ੍ਹ ਟਰੈਫਿਕ ਪੁਲਿਸ ਦਾ ਦਾਅਵਾ ਹੈ ਕਿ ਪਿਛਲੇ ਇੱਕ ਸਾਲ ਦੇ ਅੰਦਰ ਚੰਡੀਗੜ੍ਹ ਦੀ ਰੋਡ ‘ਤੇ ਸਹੀ ਤਰੀਕੇ ਨਾਲ ਲੈਨ ਮਾਰਕਿੰਗ ਕੀਤੀ ਗਈ ਹੈ ਜਿਸ ਵਿੱਚ ਸਾਫ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਕਿਹੜੀ ਗੱਡੀ ਨੇ ਕਿਸ ਲਾਈਨ ਵਿੱਚ ਰਹਿਣਾ ਹੈ । ਅਜਿਹੇ ਵਿੱਚ ਜਿਵੇ ਹੀ ਕੋਈ ਗੱਡੀ ਚਲਾਉਣ ਵਾਲਾ ਗਲਤ ਲਾਈਨ ਵਿੱਚ ਡਰਾਇਵਿੰਗ ਕਰਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਂਦਾ ਹੈ। ਚੰਡੀਗੜ੍ਹ ਟਰੈਫਿਕ ਪੁਲਿਸ ਨੂੰ ਇਸ ਨੂੰ ਲੈਕੇ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੈੱਡ ਲਾਈਟ ‘ਤੇ ਅਕਸਰ ਗੱਡੀਆਂ ਚਲਾਉਣ ਵਾਲੇ ਗਲਤ ਲਾਈਨ ਵਿੱਚ ਖੜੇ ਹੋ ਜਾਂਦੇ ਹਨ ਜਿਸ ਦੀ ਵਜ੍ਹਾਂ ਕਰਕੇ ਟਰੈਫਿਕ ਜਾਮ ਹੋ ਜਾਂਦਾ ਹੈ ।

CCTV ਕੈਮਰਿਆਂ ਨਾਲ 64 ਫੀਸਦੀ ਚਲਾਨ ਭੇਜੇ ਗਏ

ਟਰੈਫਿਕ ਪੁਲਿਸ ਮੁਤਾਬਿਕ 64 ਫੀਸਦੀ ਯਾਨੀ 2,26,779 ਚਲਾਨ ਸ਼ਹਿਰ ਵਿੱਚ ਲੱਗੇ ਹਾਈ ਰੈਜ਼ੋਲੂਸ਼ਨ CCTV ਕੈਮਰਿਆਂ ਦੀ ਮੌਨੀਟਰਿੰਗ ਦੇ ਜ਼ਰੀਏ ਭੇਜੇ ਗਏ ਹਨ । ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੁਲਿਸ ਕਮਾਂਡ ਕੰਟਰੋਲ ਸਿਸਟਮ ਬਣਾਇਆ ਗਿਆ ਹੈ ।

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦਾ ਇੱਕ ਵੀ ਚਲਾਨ ਨਹੀਂ

RTI ਤੋਂ ਮਿਲੀ ਜਾਣਕਾਰੀ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ । ਚੰਡੀਗੜ੍ਹ ਟਰੈਫਿਕ ਪੁਲਿਸ ਦੀ ਸਖ਼ਤੀ ਤੋਂ ਬਾਅਦ 2021 ਅਤੇ 2022 ਵਿੱਚ ਨਸ਼ਾ ਕਰਕੇ ਡਰਾਇਵਿੰਗ ਕਰਨ ਦਾ ਇੱਕ ਵੀ ਚਲਾਨ ਨਹੀਂ ਕੱਟਿਆ ਗਿਆ ਹੈ ਜਦਕਿ 2020 ਵਿੱਚ 317 ਮਾਮਲੇ ਆਏ ਸਨ ।

Exit mobile version