‘ਦ ਖ਼ਾਲਸ ਬਿਊਰੋ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਪੂਰਾ ਸ਼ਹਿਰ ਹਨੇਰੇ ‘ਚ ਡੁੱਬ ਸਕਦਾ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਤੋਂ ਤਿੰਨ ਦਿਨਾਂ ਤੱਕ ਬਿਜਲੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਬਿਜਲੀ ਵਿਭਾਗ ਦੇ ਮੁਲਾਜ਼ਮ ਬਿਜਲੀ ਵਿਭਾਗ ਦਾ ਨਿੱਜੀਕਰਨ ਹੋਣ ਦੇ ਖ਼ਿਲਾਫ਼ ਤਿੰਨ ਦਿਨਾਂ ਹੜਤਾਲ ‘ਤੇ ਚਲੇ ਗਏ ਹਨ। ਚੰਡੀਗੜ੍ਹ ਵਿੱਚ ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਟ੍ਰੈਫਿਕ ਲਾਈਟਾਂ ਬੰਦ ਪਈਆਂ ਹਨ, ਜਿਸ ਕਰਕੇ ਟ੍ਰੈਫਿਕ ਵਿਵਸਥਾ ਵੀ ਠੱਪ ਹੋ ਕੇ ਰਹਿ ਗਈ ਹੈ। ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਚਾਰੇ ਪਾਸੇ ਤੋਂ ਵਾਹਨਾਂ ਦੀ ਆਵਾਜਾਈ ਕਾਰਨ ਸ਼ਹਿਰ ਦੇ ਜ਼ਿਆਦਾਤਰ ਚੌਰਾਹਿਆਂ ‘ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ ਹੈ। ਹਾਲਾਂਕਿ ਕਈ ਚੌਰਾਹਿਆਂ ‘ਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਟ੍ਰੈਫਿਕ ਨੂੰ ਸੰਭਾਲਣ ‘ਚ ਲੱਗੇ ਹੋਏ ਹਨ। ਸਵੇਰੇ ਦਫ਼ਤਰਾਂ ਵਿੱਚ ਆਉਣ ਵਾਲੇ ਮੁਲਾਜ਼ਮਾਂ ਨੂੰ ਟ੍ਰੈਫਿਕ ਜਾਮ ਕਰਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਪਹੁੰਚੀ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਤੀ ਰਾਤ ਤੋਂ ਹੀ ਚੰਡੀਗੜ੍ਹ ਵਿੱਚ ਬਿਜਲੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ ਅਤੇ ਤਿੰਨ ਦਿਨ ਲਗਾਤਾਰ ਸ਼ਹਿਰ ਵਾਸੀਆਂ ਨੂੰ ਇਹ ਪ੍ਰੇਸ਼ਾਨੀ ਝੱਲਣੀ ਪਵੇਗੀ। ਕਈ ਸੈਕਟਰਾਂ ‘ਚ ਤਾਂ ਰਾਤ ਤੋਂ ਹੀ ਬਿਜਲੀ ਨਹੀਂ ਆ ਰਹੀ ਹੈ, ਜਿਸ ਕਰਕੇ ਸਵੇਰੇ ਪਾਣੀ ਦੀ ਸਪਲਾਈ ਨਹੀਂ ਹੋਈ। ਜਿਨ੍ਹਾਂ ਘਰਾਂ ਵਿੱਚ ਇਨਵਰਟਰ ਲੱਗੇ ਹੋਏ ਹਨ, ਉਹ ਵੀ ਚਿੰਤਾ ਵਿੱਚ ਹਨ ਕਿਉਂਕਿ ਜੇਕਰ ਲੰਬੇ ਸਮੇਂ ਤੱਕ ਬਿਜਲੀ ਦਾ ਕੱਟ ਲੱਗਿਆ ਰਿਹਾ ਤਾਂ ਇਨਵਰਟਰ ਵੀ ਕੁਝ ਘੰਟੇ ਚੱਲਣ ਤੋਂ ਬਾਅਦ ਉਨ੍ਹਾਂ ਦੀ ਬੈਟਰੀ ਖ਼ਤਮ ਹੋ ਜਾਵੇਗੀ।
ਭਾਵੇਂ ਪ੍ਰਸ਼ਾਸ਼ਨ ਨੇ ਪਹਿਲਾਂ ਹੀ ਐਮਰਜੰਸੀ ਨੰਬਰ ਜਾਰੀ ਕਰ ਦਿੱਤੇ ਹਨ ਪਰ ਹੜਤਾਲ ਕਾਰਣ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਮੁਲਾਜ਼ਮਾਂ ਨੂੰ ਤਿੰਨ ਦਿਨਾਂ ਦੀ ਹੜਤਾਲ ਵਾਪਸ ਲੈਣ ਲਈ ਕਿਹਾ ਹੈ।