The Khalas Tv Blog India ਚੀਨੀ ਕੁਬਾਹੇੜੀ ਕਤਲਕਾਂਡ ’ਚ ਵੱਡੀ ਕਾਰਵਾਈ! ਪੰਜਾਬ AGTF ਵੱਲੋਂ ਦੋਵੇਂ ਸ਼ੂਟਰਾਂ ਦਾ ਐਨਕਾਊਂਟਰ
India Punjab

ਚੀਨੀ ਕੁਬਾਹੇੜੀ ਕਤਲਕਾਂਡ ’ਚ ਵੱਡੀ ਕਾਰਵਾਈ! ਪੰਜਾਬ AGTF ਵੱਲੋਂ ਦੋਵੇਂ ਸ਼ੂਟਰਾਂ ਦਾ ਐਨਕਾਊਂਟਰ

ਚੰਡੀਗੜ੍ਹ/ਕੈਥਲ (19 ਮਾਰਚ, 2026): ਚੰਡੀਗੜ੍ਹ ਦੇ ਸੈਕਟਰ-9 ਵਿੱਚ ਹੋਏ ਚਰਨਪ੍ਰੀਤ ਸਿੰਘ ਨਾਗਰਾ ਉਰਫ਼ ‘ਚੀਨੀ ਕੁਬਾਹੇੜੀ’ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਹਰਿਆਣਾ ਦੇ ਕੈਥਲ ਵਿੱਚ ਹੋਏ ਇੱਕ ਮੁਕਾਬਲੇ (Encounter) ਦੌਰਾਨ ਕਤਲ ਵਿੱਚ ਸ਼ਾਮਲ ਦੋਵੇਂ ਮੁੱਖ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਜਦੋਂ ਏ.ਜੀ.ਟੀ.ਐਫ. ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ਪਾਰਟੀ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈਆਂ ਗੋਲ਼ੀਆਂ ਨਾਲ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਮੌਕੇ ਤੋਂ ਕਤਲ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਕਰ ਲਏ ਹਨ।

ਸ਼ੂਟਰਾਂ ਦੀ ਪਛਾਣ:

  1. ਰਾਜਨ ਉਰਫ਼ ਪੀਯੂਸ਼ ਪਹਿਲਵਾਨ: ਫਿਰੋਜ਼ਪੁਰ ਦਾ ਰਹਿਣ ਵਾਲਾ ਇਹ ਸ਼ੂਟਰ ਹਾਲ ਹੀ ਵਿੱਚ ਮਲੇਸ਼ੀਆ ਤੋਂ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਇਆ ਸੀ।
  2. ਪ੍ਰੀਤਮ ਸ਼ਾਹ: ਇਹ ਮੁਲਜ਼ਮ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।

ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਦੱਸਣਯੋਗ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਨੇ ਲਈ ਸੀ। ਪੁਲਿਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਕਤਲ ਪਿੱਛੇ ਮਾਸਟਰਮਾਈਂਡ ਅਤੇ ਹੋਰ ਸਬੰਧਾਂ ਦਾ ਪਤਾ ਲਗਾਏਗੀ।

Exit mobile version