The Khalas Tv Blog India ਚੰਡੀਗੜ੍ਹ-ਮੋਹਾਲੀ ਰੋਡ ਜਾਮ! ਕੱਚਾ ਰਸਤਾ ਬੰਦ ਹੋਣ ’ਤੇ ਪਿੰਡ ਵਾਸੀ ਨਾਰਾਜ਼, 33 ਪਿੰਡਾਂ ਦੇ ਲੋਕ ਪਰੇਸ਼ਾਨ, ਹਿੰਸਕ ਅੰਦੋਲਨ ਦੀ ਚਿਤਾਵਨੀ
India Punjab

ਚੰਡੀਗੜ੍ਹ-ਮੋਹਾਲੀ ਰੋਡ ਜਾਮ! ਕੱਚਾ ਰਸਤਾ ਬੰਦ ਹੋਣ ’ਤੇ ਪਿੰਡ ਵਾਸੀ ਨਾਰਾਜ਼, 33 ਪਿੰਡਾਂ ਦੇ ਲੋਕ ਪਰੇਸ਼ਾਨ, ਹਿੰਸਕ ਅੰਦੋਲਨ ਦੀ ਚਿਤਾਵਨੀ

ਬਿਉਰੋ ਰਿਪੋਰਟ: ਮੁਹਾਲੀ ਦੇ ਪਿੰਡ ਝਾਮਪੁਰ, ਤੀੜਾ ਅਤੇ ਤਿਊੜ ਦੇ ਲੋਕਾਂ ਨੇ ਕੱਚੇ ਰਸਤੇ ਨੂੰ ਬੰਦ ਕਰਨ ਕਰਕੇ ਚੰਡੀਗੜ੍ਹ ਅਤੇ ਮੁਹਾਲੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ਜਾਮ ਕਰ ਦਿੱਤੀ। ਇਹ ਪ੍ਰਦਰਸ਼ਨ ਚੰਡੀਗੜ੍ਹ-ਮੁਹਾਲੀ ਵਿਚਕਾਰ ਕੱਚੇ ਰਸਤੇ ਨੂੰ ਬੰਦ ਕਰਵਾਉਣ ਲਈ ਕੀਤਾ ਗਿਆ।

ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜੇ ਪਿੰਡ ਝਾਮਪੁਰ, ਤੀੜਾ ਅਤੇ ਤਿਊੜ ਦੇ ਲੋਕਾਂ ਨੇ ਚੰਡੀਗੜ੍ਹ ਜਾਣਾ ਹੁੰਦਾ ਤਾਂ ਉਹ ਇਸ ਰਸਤੇ ਰਾਹੀਂ 15 ਮਿੰਟਾਂ ਵਿੱਚ ਚੰਡੀਗੜ੍ਹ ਪਹੁੰਚ ਜਾਂਦੇ ਸਨ, ਪਰ ਹੁਣ ਉਨ੍ਹਾਂ ਨੂੰ ਮੁਹਾਲੀ ਤੋਂ ਤਿੰਨ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਚੰਡੀਗੜ੍ਹ ਜਾਣਾ ਪੈਂਦਾ ਹੈ, ਜਿਸ ਕਾਰਨ ਜ਼ਿਆਦਾ ਸਮਾਂ ਲੱਗ ਰਿਹਾ ਹੈ ਅਤੇ ਉਨ੍ਹਾਂ ਦੇ ਪੈਸੇ ਵੀ ਬਰਬਾਦ ਹੋ ਰਹੇ ਹਨ।

ਜੇਕਰ ਸੜਕ ਨਾ ਖੋਲ੍ਹੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ

ਝਾਮਪੁਰ ਵਾਸੀ ਨਾਗਰਿਕ ਸੰਦੀਪ ਨੇ ਦੱਸਿਆ ਕਿ ਇਸ ਸੜਕ ਨੂੰ ਕੰਕਰੀਟ ਪਾ ਕੇ ਬੰਦ ਕੀਤਾ ਗਿਆ ਹੈ, ਜਿਸ ’ਤੇ ਪਿੰਡ ਦੇ ਲੋਕਾਂ ਨੇ ਕਰੀਬ ਦੋ ਘੰਟੇ ਜਾਮ ਲਾਇਆ। ਅਜਿਹੇ ’ਚ ਸੜਕ ’ਤੇ ਲੰਮਾ ਜਾਮ ਲੱਗ ਗਿਆ ਅਤੇ ਪੁਲਸ ਪ੍ਰਸ਼ਾਸਨ ਨੇ ਆ ਕੇ ਸਥਿਤੀ ਨੂੰ ਸੰਭਾਲਿਆ। ਪਿੰਡ ਵਾਸੀਆਂ ਨੇ ਜਲਦੀ ਹੀ ਸੜਕ ਖੁਲ੍ਹਵਾਉਣ ਦੇ ਭਰੋਸੇ ਤੋਂ ਬਾਅਦ ਸ਼ਾਂਤ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਅੰਦਰ ਸੜਕ ਨਾ ਖੋਲ੍ਹੀ ਗਈ ਤਾਂ ਹੋਰ ਹਿੰਸਕ ਪ੍ਰਦਰਸ਼ਨ ਕੀਤਾ ਜਾਵੇਗਾ।

40 ਸਾਲਾਂ ਤੋਂ ਵਰਤੀ ਜਾ ਰਹੀ ਕੱਚੀ ਸੜਕ

ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਚੰਡੀਗੜ੍ਹ ਅਤੇ ਮੁਹਾਲੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਅਤੇ ਸੜਕ ਨੂੰ ਖੋਲ੍ਹਣ ਦੀ ਮੰਗ ਕਰ ਚੁੱਕੇ ਹਨ। ਪਰ ਦੋਵਾਂ ਰਾਜਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੜਕ ਨੂੰ ਬੰਦ ਨਹੀਂ ਕਰਵਾਇਆ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ।

ਉਨ੍ਹਾਂ ਕਿਹਾ ਕਿ ਇਹ ਸੜਕ 40 ਸਾਲਾਂ ਤੋਂ ਖੁੱਲ੍ਹੀ ਹੈ ਅਤੇ ਇਸ ਦੇ ਬੰਦ ਹੋਣ ਕਾਰਨ 33 ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਪਹੁੰਚਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ। ਜੇਕਰ ਕੋਈ ਵਿਅਕਤੀ ਬੀਮਾਰ ਹੋ ਜਾਂਦਾ ਸੀ ਤਾਂ ਉਸ ਨੂੰ ਪੀਜੀਆਈ ਜਾਂ ਚੰਡੀਗੜ੍ਹ ਦੇ ਕਿਸੇ ਹਸਪਤਾਲ ਲਿਜਾਣ ਲਈ ਇਹ ਰਸਤਾ ਨੇੜੇ ਹੀ ਹੁੰਦਾ ਸੀ ਪਰ ਹੁਣ ਇਹ ਬੰਦ ਕਰ ਦਿੱਤਾ ਗਿਆ ਹੈ।

Exit mobile version