ਬਿਊਰੋ ਰਿਪੋਰਟ (ਚੰਡੀਗੜ੍ਹ, 31 ਅਕਤੂਬਰ, 2025): ਚੰਡੀਗੜ੍ਹ ਵਿੱਚ ਸ਼ਰਾਬ ਦੇ ਕੁਝ ਠੇਕਿਆਂ ’ਤੇ ਨਿਰਧਾਰਿਤ ਘੱਟੋ-ਘੱਟ ਕੀਮਤ (MRP) ਤੋਂ ਸਸਤੀ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਐਕਸਾਈਜ਼ ਵਿਭਾਗ ਨੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ ਵਾਲਿਆਂ ਦਾ ਲਾਇਸੈਂਸ ਰੱਦ ਜਾਂ ਮੁਅੱਤਲ ਕੀਤਾ ਜਾ ਸਕਦਾ ਹੈ, ਅਤੇ ਭਾਰੀ ਜੁਰਮਾਨਾ ਵੀ ਲਗਾਇਆ ਜਾਵੇਗਾ।
ਇਹ ਸਖ਼ਤ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਕੀਤੀ ਗਈ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਹਾਈ ਕੋਰਟ ਦੇ ਵਕੀਲ ਰਣਜੀਤ ਸਿੰਘ ਕਾਲੜਾ ਨੇ ਦਲੀਲ ਦਿੱਤੀ ਕਿ ਚੰਡੀਗੜ੍ਹ ਵਿੱਚ ਇੱਕ ਕੰਟਰੈਕਟ ਐਕਸਾਈਜ਼ ਨੀਤੀ ਦੀ ਉਲੰਘਣਾ ਕਰਦਿਆਂ, ਸ਼ਰਾਬ ਨਿਰਧਾਰਤ ਘੱਟੋ-ਘੱਟ ਪ੍ਰਚੂਨ ਕੀਮਤ ਤੋਂ ਘੱਟ ਦਰ ‘ਤੇ ਵੇਚੀ ਜਾ ਰਹੀ ਹੈ, ਜਿਸ ਨਾਲ ਖਰੜ ਜ਼ੋਨ ਦੇ ਲਾਇਸੈਂਸਧਾਰਕਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ।
ਹਾਈ ਕੋਰਟ ਨੇ ਖਰੜ ਜ਼ੋਨ ਦੇ ਇੱਕ ਸ਼ਰਾਬ ਠੇਕੇਦਾਰ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸਾਂਝੀ ਮੀਟਿੰਗ ਕਰਨ ਅਤੇ ਸਾਰੇ ਸਬੰਧਤ ਪੱਖਾਂ ਨੂੰ ਸੁਣਨ ਤੋਂ ਬਾਅਦ, ਤੈਅ ਕੀਮਤ ਤੋਂ ਘੱਟ ’ਤੇ ਸ਼ਰਾਬ ਵੇਚਣ ਦੀ ਸ਼ਿਕਾਇਤ ’ਤੇ ਇੱਕ ਹਫ਼ਤੇ ਦੇ ਅੰਦਰ ਕਾਨੂੰਨੀ ਕਾਰਵਾਈ ਅਨੁਸਾਰ ਫੈਸਲਾ ਲੈਣ।

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ, ਚੰਡੀਗੜ੍ਹ ਐਕਸਾਈਜ਼ ਵਿਭਾਗ ਨੇ ਸਾਰੇ ਲਾਇਸੈਂਸਧਾਰਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਕੋਈ ਵੀ ਠੇਕਾ ਤੈਅ ਕੀਤੇ ਰੇਟ ਤੋਂ ਸਸਤੀ ਸ਼ਰਾਬ ਨਹੀਂ ਵੇਚੇਗਾ। ਇਸ ਦੇ ਨਾਲ ਹੀ, ਹਰ ਠੇਕੇ ਦੇ ਬਾਹਰ ਰੇਟ ਦੀ ਲਿਸਟ ਸਾਫ਼-ਸਾਫ਼ ਲਗਾਉਣਾ ਅਤੇ ਮਾਲ ਦਾ ਸਹੀ ਹਿਸਾਬ-ਕਿਤਾਬ ਰੱਖਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।