‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਹੁਤ ਸਾਰੇ ਲੋਕ ਸੋਚਦੇ ਹਨ ਕਿ ਆਖਿਰ ਜੇਲ੍ਹ ਦੀ ਰੋਟੀ ਕਿਹੋ ਜਿਹੀ ਹੁੰਦੀ ਹੈ ਤੇ ਇਹ ਰੋਟੀ ਖਾਣੀ ਵੀ ਚਾਹੁੰਦੇ ਹਨ। ਜੇਲ੍ਹ ਦੀ ਰੋਟੀ ਖਾਣ ਦਾ ਇਹ ਸੁਪਨਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦਾ ਪ੍ਰਸ਼ਾਸਨ ਪੂਰਾ ਕਰ ਰਿਹਾ ਹੈ। ਹੁਣ ਕੋਈ ਵੀ ਵਿਅਕਤੀ ਆਨਲਾਇਨ ਆਰਡਰ ਕਰਕੇ ਜੇਲ੍ਹ ਦੇ ਕੈਦੀਆਂ ਦੇ ਹੱਥਾਂ ਦੀ ਰੋਟੀ ਤੇ ਦਾਲ ਸਬਜ਼ੀ ਮੰਗਵਾ ਕੇ ਖਾ ਸਕਦੇ ਹਨ।
ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਬਕਾਇਦਾ ਇਕ ਮੈਨਿਯੂ ਵੀ ਤਿਆਰ ਕੀਤਾ ਹੈ। ਇਸ ਵਿੱਚ ਥਾਲੀ, ਗੁਲਾਬ ਜਾਮਣ, ਬੇਸਣ ਬਰਫੀ, ਬਾਲੂਸ਼ਾਹੀ ਤੋਂ ਇਲਾਵਾ ਹੋਰ ਕਈ ਮਿਠਾਈਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਹਿਲਾਂ ਜੇਲ੍ਹ ਦਾ ਸਟਾਫ ਲੋਕਾਂ ਦੇ ਘਰ ਰੋਟੀ ਪਹੁੰਚਾਉਂਦਾ ਸੀ। ਪਰ ਕੋਰੋਨਾ ਕਰਕੇ ਇਸ ਵਿੱਚ ਕਮੀ ਆਈ ਹੈ। ਹੁਣ ਜੇਲ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਇਹ ਕੰਮ ਆਨਲਾਇਨ ਕੰਪਨੀਆਂ ਨੂੰ ਦਿੱਤਾ ਜਾਵੇ ਤੇ ਉਹ ਲੋਕਾਂ ਦੇ ਘਰਾਂ ਤੱਕ ਖਾਣਾ ਪਹੁੰਚਾ ਕੇ ਆਉਣ।
ਦੱਸ ਦਈਏ ਕਿ ਬੁੜੈਲ ਦੇਸ਼ ਦਾ ਇਕ ਮਾਤਰ ਅਜਿਹਾ ਜੇਲ੍ਹ ਹੈ ਜਿੱਥੋਂ ਤੁਸੀਂ ਮਨ ਭਾਉਂਦਾ ਖਾਣਾ ਆਰਡਰ ‘ਤੇ ਮੰਗਵਾ ਸਕਦੇ ਹੋ। ਇਸਦੀ ਸ਼ੁਰੂਆਤ ਸਾਲ 2018 ਵਿੱਚ ਚੰਡੀਗੜ੍ਹ ਦੇ ਆਈਜੀ ਜੇਲ੍ਹ ਡਾ. ਓਪੀ ਮਿਸ਼ਰਾ ਨੇ ਕੀਤੀ ਸੀ। ਇਸਦਾ ਟੀਚਾ ਕੈਦੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸੀ, ਤਾਂ ਜੋ ਉਨ੍ਹਾਂ ਦਾ ਮਨ ਲੱਗਿਆ ਰਹੇ। ਇਸ ਲਈ ਉਨ੍ਹਾਂ ਨੂੰ ਕੰਮ ਦੇ ਹਿਸਾਬ ਨਾਲ ਪੈਸੇ ਵੀ ਮਿਲਦੇ ਹਨ। ਸੈਕਟਰ-22 ਵਿੱਚ ਜੇਲ੍ਹ ਦੇ ਕੈਦੀਆਂ ਵੱਲੋਂ ਬਣਾਈਆਂ ਮਿਠਾਈਆਂ ਦੀ ਇੱਕ ਦੁਕਾਨ ਵੀ ਹੈ।ਸਿਰਜਨ ਨਾਂ ਦੀ ਇਸ ਦੁਕਾਨ ਤੋਂ ਤੁਸੀਂ ਜੇਲ੍ਹ ਦਾ ਖਾਣਾ ਵੀ ਮੰਗਵਾ ਸਕਦੇ ਹੋ ਤੇ ਜੇਲ੍ਹ ਦੀ ਵੈਬਸਾਇਟ ਤੋਂ ਆਰਡਰ ਵੀ ਕਰ ਸਕਦੇ ਹੋ।