The Khalas Tv Blog Punjab ਬਾਲਟੀਆਂ ਨਾਲ ਪਾਣੀ ਪਾ ਕੇ ਪਾਲਣੀ ਪੈ ਰਹੀ ਹੈ ਫ਼ਸਲ
Punjab

ਬਾਲਟੀਆਂ ਨਾਲ ਪਾਣੀ ਪਾ ਕੇ ਪਾਲਣੀ ਪੈ ਰਹੀ ਹੈ ਫ਼ਸਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ‘ਚੋਂ ਨਿਕਲਣ ਲਈ ਪ੍ਰੇਰਿਤ ਤਾਂ ਕੀਤਾ ਜਾ ਰਿਹਾ ਹੈ, ਪਰ ਖੇਤੀ ਦੇ ਵਿਕਾਸ ਲਈ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ। ਮਾਨਸਾ ਦੇ ਪਿੰਡਾਂ ਵਿੱਚ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਨਰਮੇ ਦੀ ਫਸਲ ਦੀ ਬਿਜਾਈ ਤਾਂ ਕਰ ਲਈ ਹੈ, ਪਰ 45 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦੀ ਗਰਮੀ ਵਿੱਚ ਫਸਲ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਘਾਟ ਅਤੇ ਬਿਜਲੀ ਦੀ ਘਾਟ ਵੱਡੀ ਚੁਣੌਤੀ ਬਣੀ ਹੋਈ ਹੈ। ਝੋਨੇ ਦੀ ਬਿਜਾਈ ਸ਼ੁਰੂ ਹੋਣ ਵਿੱਚ ਬੇਸ਼ੱਕ ਕੁੱਝ ਦਿਨ ਬਾਕੀ ਹਨ ਪਰ ਨਹਿਰੀ ਪਾਣੀ ਉੱਤੇ ਨਿਰਭਰ ਮਾਨਸਾ ਦੇ ਪਿੰਡਾਂ ਵਿੱਚ ਤਾਜੀ ਬੀਜੀ ਗਈ ਨਰਮੇ ਦੀ ਫਸਲ ਤੇਜ਼ ਗਰਮੀ, ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਝੁਲਸਣ ਲੱਗ ਪਈ ਹੈ, ਉੱਥੇ ਹੀ ਬੂਟਿਆਂ ਦਾ ਵਾਧਾ ਵੀ ਘੱਟ ਹੋ ਰਿਹਾ ਹੈ। ਕਿਸਾਨ ਫਸਲ ਨੂੰ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਤੋਂ ਇਲਾਵਾ ਬਾਲਟੀਆਂ ਨਾਲ ਪਾਣੀ ਪਾ ਕੇ ਆਪਣੀ ਨਰਮੇ ਦੀ ਫਸਲ ਨੂੰ ਬਚਾਉਣ ਲਈ ਯਤਨਸ਼ੀਲ ਹਨ। ਫਿਰ ਵੀ ਕਿਸਾਨ ਫਸਲ ਬਚਾਉਣ ਲਈ ਸਰਕਾਰ ਤੋਂ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਦੇਣ ਦੀ ਗੁਹਾਰ ਲਗਾ ਰਹੇ ਹਨ।

ਕਿਸਾਨਾਂ ਨੇ ਕਿਹਾ ਕਿ ਗਰਮੀ ਦੇ ਕਾਰਨ ਨਰਮੇ ਦੀ ਫਸਲ ਮੱਚ ਰਹੀ ਹੈ ਅਤੇ ਕਿਸਾਨ ਨਰਮਾ ਬਚਾਉਣ ਲਈ ਬਾਲਟੀਆਂ ਨਾਲ ਪਾਣੀ ਪਾ ਰਹੇ ਹਨ ਕਿਉਂਕਿ ਕਿਸਾਨਾਂ ਨੇ ਮਹਿੰਗੇ ਭਾਅ ਦਾ ਬੀਜ ਪਾ ਕੇ ਨਰਮੇ ਦੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਹਿਰੀ ਪਾਣੀ ਨਹੀਂ ਦਿੱਤਾ ਜਾ ਰਿਹਾ ਅਤੇ ਬਿਜਲੀ ਸਪਲਾਈ ਵੀ ਬੰਦ ਕੀਤੀ ਹੋਈ ਹੈ, ਜਿਸ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੀ ਫਸਲ ਨੂੰ ਪਾਣੀ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਗਰਮੀ ਕਾਰਨ ਕਣਕ ਦਾ ਝਾੜ ਘੱਟ ਨਿਕਲਿਆ ਹੈ ਤੇ ਹੁਣ ਨਰਮੇ ਦੀ ਫਸਲ ਖਰਾਬ ਹੋ ਰਹੀ ਹੈ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਨਰਮੇ ਦੇ ਹੋ ਰਹੇ ਨੁਕਸਾਨ ਨਾਲ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸਣਗੇ ਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ।

ਕਿਸਾਨ ਆਪਣੀਆਂ ਫਸਲਾਂ ਬਚਾਉਣ ਲਈ ਸਰਕਾਰ ਕੋਲੋਂ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਦੇਣ ਦੀ ਮੰਗ ਕਰ ਰਹੇ ਹਨ। ਕਿਸਾਨ ਬਾਲਟੀਆਂ ਨਾਲ ਪਾਣੀ ਪਾ ਕੇ ਨਰਮੇ ਦੇ ਛੋਟੇ ਛੋਟੇ ਪੌਦਿਆਂ ਨੂੰ ਗਰਮੀ ਤੋਂ ਬਚਾ ਰਹੇ ਹਨ।

Exit mobile version