The Khalas Tv Blog India ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਚੱਕੀ ਰੇਲਵੇ ਪੁਲ ਡਿੱਗਿਆ
India Punjab

ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਚੱਕੀ ਰੇਲਵੇ ਪੁਲ ਡਿੱਗਿਆ

ਦ ਖ਼ਾਲਸ ਬਿਊਰੋ : ਹਿਮਾਚਲ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਅੱਜ ਸਵੇਰੇ ਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲਵੇ ਸੈਕਸ਼ਨ ‘ਤੇ ਪੈਂਦੇ ਚੱਕੀ ਪੜਾਵ ਰੇਲਵੇ ਪੁਲ ਦਾ ਵੱਡਾ ਹਿੱਸਾ ਚੱਕੀ ਦਰਿਆ ‘ਚ ਸਮਾ ਗਿਆ। ਜਿਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਹਿਮਾਚਲ ਨਾਲ ਜੋੜਨ ਵਾਲਾ ਇੱਕੋ-ਇੱਕ ਰੇਲ ਮਾਰਗ ਠੱਪ ਹੋ ਚੁੱਕਾ ਹੈ। ਇਸ ਰੇਲ ਮਾਰਗ ‘ਤੇ ਫ਼ਿਰੋਜ਼ਪੁਰ ਰੇਲ ਡਵੀਜ਼ਨ ਵੱਲੋਂ 1 ਅਗਸਤ ਤੋਂ ਰੇਲ ਗੱਡੀਆਂ ਦਾ ਸੰਚਾਲਨ ਬੰਦ ਕੀਤਾ ਜਾ ਚੁੱਕਾ ਹੈ। ਇਸ ਦਾ ਕਾਰਨ ਰੇਲਵੇ ਦੁਆਰਾ ਇਸ ਸੈਕਸ਼ਨ ‘ਤੇ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਨੂੰ ਦੱਸਿਆ ਗਿਆ ਹੈ ਪਰ ਉਸ ਤੋਂ ਬਾਅਦ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਮਗਰੋਂ ਚੱਕੀ ਦਰਿਆ ਦੇ ਪਾਣੀ ਨੇ ਇਸ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਾਇਆ ਸੀ।

ਫਿਰੋਜ਼ਪੁਰ ਡਿਵੀਜ਼ਨ ਦੀ ਟੈਕਨੀਕਲ ਟੀਮ ਨੇ ਚੱਕੀ ਬ੍ਰਿਜ ਦਾ ਨਰੀਖਣ ਕੀਤਾ ਸੀ ਜਿਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਬ੍ਰਿਜ ਦੀ ਹਾਲਤ ਬੁਰੀ ਹੈ ਅਤੇ ਇਸ ਨੂੰ ਮੁੜ ਤੋਂ ਬਣਾਇਆ ਜਾਵੇ। ਰੇਲਵੇ ਵੱਲੋਂ ਬ੍ਰਿਜ ਦੇ ਦੋਵੇ ਪਾਸਿਆਂ ਤੋਂ ਫੈਨਸਿੰਗ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੈਦਲ ਵੀ ਇਸ ਬ੍ਰਿਜ ਤੋਂ ਨਾ ਜਾਣ,ਇਸ ਤੋਂ ਪਹਿਲਾਂ ਰੇਲਵੇ ਨੇ ਮਾਨਸੂਨ ਦੀ ਬਾਰਸ਼ ਅਤੇ ਰੇਲਵੇ ਟ੍ਰੈਕ ‘ਤੇ ਢਿੱਗਾਂ ਡਿੱਗਣ ਦੇ ਖਤਰੇ ਨੂੰ ਦੇਖਦੇ ਹੋਏ ਜੁਲਾਈ ਵਿੱਚ ਤਿੰਨ ਨਾਈਟ ਅੱਪ ਅਤੇ ਡਾਊਨ ਟਰੇਨਾਂ ਨੂੰ ਮੁਅੱਤਲ ਕਰ ਦਿੱਤਾ ਸੀ ਪਰ ਬਾਅਦ ਵਿੱਚ 17 ਜੁਲਾਈ ਨੂੰ ਚੱਕੀ ਰੇਲਵੇ ਪੁਲ ਦੀ ਖਸਤਾ ਹਾਲਤ ਕਾਰਨ ਬਾਕੀ ਸਾਰੀਆਂ ਚਾਰ ਅੱਪ ਅਤੇ ਡਾਊਨ ਡੇਅ ਟਾਈਮ ਟਰੇਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ 2011 ਵਿੱਚ ਵੀ ਇੱਕ ਖੰਭਾ ਟੁੱਟ ਗਿਆ ਸੀ। ਜਿਸ ਤੋਂ ਬਾਅਦ ਅੱਠ ਮਹੀਨੇ  ਰੇਲਾਂ ਦਾ ਸੰਚਾਲਨ ਠੱਪ ਰਿਹਾ ਸੀ। ਚੱਕੀ ਬ੍ਰਿਜ ਦੇ ਆਲੇ-ਦੁਆਲੇ ਹੋ ਰਹੀ ਬੇਰੋਕ ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਪੁੱਲ ਦੇ ਸਹਾਇਕ ਖੰਭਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਆਲੇ ਦੁਆਲੇ ਦੀਆਂ ਵੀ ਕਮਜ਼ੋਰ ਹੋ ਗਈਆਂ ਸੀ। ਰੇਲਵੇ ਵੱਲੋਂ ਪਿਛਲੇ 10 ਸਾਲ ਦੌਰਾਨ ਕਈ ਵਾਰ ਖੰਭਿਆਂ ਦੀ ਮੁਰੰਮਤ ‘ਤੇ ਲੱਖਾਂ ਰੁਪਏ ਖਰਚ ਕੀਤੇ ਪਰ 90 ਸਾਲ ਤੋਂ ਵੱਧ ਪੁਰਾਣੇ ਪੁੱਲ ਨੂੰ ਮੁੜ ਤੋਂ ਬਣਾਉਣ ਦੀ ਕੋਈ ਯੋਜਨਾ ਤਿਆਰ ਨਹੀਂ ਹੋਈ ਸੀ।

ਮੌਜੂਦਾ ਸਥਿਤੀ ਵਿੱਚ ਪੁਲ ਦੀ ਖਸਤਾ ਹਾਲਤ ਕਾਰਨ ਰੇਲ ਰਾਹੀਂ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੇ ਯਾਤਰੀਆਂ ਨੂੰ ਅਗਲੇ ਕਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਬੱਸ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੇਲਗੱਡੀ ਦੇ ਮੁਕਾਬਲੇ 3 ਤੋਂ 4 ਗੁਣਾ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਹੈ। ਜਿਸ ਕਾਰਨ ਜ਼ਿਆਦਾਤਰ ਲੋਕ ਹਿਮਾਚਲ ਜਾਣ ਲਈ ਟਰੇਨ ਦੀ ਵਰਤੋਂ ਕਰਦੇ ਹਨ।ਨ

Exit mobile version