ਨੇਸਲੇ (Nestle) ਦੇ ਬੱਚਿਆਂ ਦੇ ਖਾਣੇ ਵਾਲੇ ਉਤਪਾਦਾਂ ਵਿੱਚ ਸ਼ੂਗਰ (Sugar) ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ। ਫੂਡ ਸੇਫਟੀ ਰੈਗੂਲੇਟਰ FSSAI (Food Safety and Standards Authority of India) ਨੇ ਵੀਰਵਾਰ ਨੂੰ ਕਿਹਾ ਕਿ ਉਹ ਨੇਸਲੇ ਦੇ ਸੈਰੇਲੈਕ ਬੇਬੀ ਫੂਡ ਦੇ ਨਮੂਨੇ ਇਕੱਠੇ ਕਰ ਰਿਹਾ ਹੈ। FSSAI ਦੇ CEO ਜੀ ਕਮਲਾ ਵਰਧਨ ਰਾਓ (G. Kamala Vardhana Rao) ਨੇ ਕਿਹਾ ਕਿ 15-20 ਦਿਨਾਂ ਅੰਦਰ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।
ਦਰਅਸਲ, ਕੁਝ ਦਿਨ ਪਹਿਲਾਂ ਸਵਿਟਜ਼ਰਲੈਂਡ (Switzerland) ਦੇ ਪਬਲਿਕ ਆਈ ਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ (Public Eye and the International Baby Food Action Network -IBFAN) ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਨੇਸਲੇ ਭਾਰਤ ਸਮੇਤ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਵਿੱਚ ਵਿਕਣ ਵਾਲੇ ਬੱਚਿਆਂ ਦੇ ਦੁੱਧ ਤੇ ਸੇਰੇਲੈਕ ਵਰਗੇ ਭੋਜਨ ਉਤਪਾਦਾਂ ਵਿੱਚ ਵਾਧੂ ਖੰਡ ਤੇ ਸ਼ਹਿਦ ਸ਼ਾਮਲ ਕਰਦਾ ਹੈ।
ਪਬਲਿਕ ਆਈ ਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈਟਵਰਕ ਦੀ ਇੱਕ ਰਿਪੋਰਟ ਦੇ ਅਨੁਸਾਰ ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ਵਿੱਚ ਵਿਕਣ ਵਾਲੇ ਛੇ ਮਹੀਨਿਆਂ ਤੱਕ ਦੇ ਬੱਚਿਆਂ ਲਈ ਲਗਭਗ ਸਾਰੇ ਕਣਕ-ਅਧਾਰਿਤ ਬੇਬੀ ਫੂਡ ਵਿੱਚ ਪ੍ਰਤੀ ਕਟੋਰਾ ਔਸਤਨ 4 ਗ੍ਰਾਮ ਚੀਨੀ ਮਿਲੀ ਸੀ। ਪਬਲਿਕ ਆਈ ਨੇ ਇਨ੍ਹਾਂ ਦੇਸ਼ਾਂ ਵਿੱਚ ਕੰਪਨੀ ਦੇ 150 ਉਤਪਾਦਾਂ ਦੀ ਬੈਲਜੀਅਮ ਦੀ ਇੱਕ ਲੈਬ ਵਿੱਚ ਜਾਂਚ ਕੀਤੀ ਸੀ।
ਸਬੰਧਿਤ ਖ਼ਬਰ – ਸਾਵਧਾਨ ! Nestle ਦੇ ਭਾਰਤੀ ਉਤਪਾਦਾਂ ਬਾਰੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਇਸ ਰਿਪੋਰਟ ਦੇ ਅਨੁਸਾਰ ਨੇਸਲੇ ਭਾਰਤ ਵਿੱਚ ਲਗਭਗ ਸਾਰੇ ਬੇਬੀ ਸੇਰੇਲੈਕ ਉਤਪਾਦਾਂ ਦੀ ਹਰੇਕ ਸਰਵਿੰਗ ਵਿੱਚ ਔਸਤਨ 3 ਗ੍ਰਾਮ ਚੀਨੀ ਪਾਉਂਦਾ ਹੈ। 6 ਤੋਂ 24 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ ਵੇਚੇ ਜਾਣ ਵਾਲੇ 100 ਗ੍ਰਾਮ ਸੇਰੇਲੈਕ ਵਿੱਚ ਕੁੱਲ 24 ਗ੍ਰਾਮ ਚੀਨੀ ਹੁੰਦੀ ਹੈ।
ਰਿਪੋਰਟ ‘ਚ ਨੇਸਲੇ ‘ਤੇ ਦੋਸ਼ ਲਾਇਆ ਗਿਆ ਹੈ ਕਿ ਨੇਸਲੇ ਆਪਣੇ ਉਤਪਾਦਾਂ ‘ਚ ਮੌਜੂਦ ਵਿਟਾਮਿਨ, ਖਣਿਜ ਤੇ ਹੋਰ ਪੋਸ਼ਕ ਤੱਤਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਦਾ ਹੈ ਪਰ ਕੰਪਨੀ ਖੰਡ ਦੇ ਮਿਸ਼ਰਣ ਦੇ ਮਾਮਲੇ ‘ਚ ਪਾਰਦਰਸ਼ੀ ਨਹੀਂ ਹੈ। WHO ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਭੋਜਨ ਵਿੱਚ ਕੋਈ ਵੀ ਚੀਨੀ ਜਾਂ ਮਿੱਠੇ ਪਦਾਰਥਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।