The Khalas Tv Blog Punjab ਕੇਂਦਰ ਦਾ ਡੱਲੇਵਾਲ ਨੂੰ ਗੱਲਬਾਤ ਦਾ ਸੱਦਾ, ਮੈਡੀਕਲ ਸਹਾਇਤਾ ਸ਼ੁਰੂ
Punjab

ਕੇਂਦਰ ਦਾ ਡੱਲੇਵਾਲ ਨੂੰ ਗੱਲਬਾਤ ਦਾ ਸੱਦਾ, ਮੈਡੀਕਲ ਸਹਾਇਤਾ ਸ਼ੁਰੂ

ਬਿਉਰੋ ਰਿਪੋਰਟ – ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ 11 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ’ਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਕੇਂਦਰ ਨੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚੇ ਨੂੰ ਗੱਲਬਾਤ ਦਾ ਸੱਦਾ ਦਿੱਤਾ। ਕਿਸਾਨਾਂ ਅਤੇ ਕੇਂਦਰ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ 14 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟਰੇਸ਼ਨ ’ਚ ਸ਼ਾਮ 5 ਵਜੇ ਹੋਵੇਗੀ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਕਹਿਣ ‘ਤੇ ਡਾਕਟਰੀ ਸਹਾਇਤਾ ਲੈਣਗੇ ਪਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਖਾਣਾ ਨਹੀਂ ਖਾਣਗੇ ਅਤੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ। ਇਸਦੇ ਨਾਲ ਹੀ ਡੱਲੇਵਾਲ ਨੂੰ ਡਰਿਪ ਲਗਾਈ ਗਈ ਅਤੇ ਖਨੌਰੀ ਬਾਰਡਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਮਰਨ ਵਰਤ ਦੇ ਨਾਲ ਮੈਡੀਕਲ ਸਹੂਲਤ ਲੈਣੀ ਸ਼ੁਰੂ ਕਰ ਦਿੱਤੀ ਹੈ। ਕੇਂਦਰ ਨਾਲ ਸਹਿਮਤੀ ਬਣਨ ਮਗਰੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ 122 ਕਿਸਾਨਾਂ ਨੂੰ ਤੁਰੰਤ ਵਰਤ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ’ਚ ਹੋਣ ਵਾਲੀ ਮੀਟਿੰਗ ’ਚ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਮੌਜੂਦ ਰਹਿਣਗੇ। ਕੇਂਦਰ ਦੀ ਸ਼ਰਤ ਮੁਤਾਬਕ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜਦੂਰ ਮੋਰਚਾ ਦੇ ਆਗੂਆਂ ਸਮੇਤ ਜਗਜੀਤ ਸਿੰਘ ਡੱਲੇਵਾਲ ਵੀ ਇਸ ਮੀਟਿੰਗ ’ਚ ਹਾਜ਼ਰ ਰਹਿਣਗੇ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਪ੍ਰਿਯਾ ਰੰਜਨ ਅਤੇ ਕੁਝ ਹੋਰ ਅਧਿਕਾਰੀਆਂ ਨੇ ਪਿਛਲੇ 54 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਤੁਰੰਤ ਇਲਾਜ ਕਰਾਉਣ ਦੀ ਅਪੀਲ ਕੀਤੀ। ਕੇਂਦਰੀ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਮੀਟਿੰਗਾਂ ਦਾ ਦੌਰ ਕਰੀਬ ਪੰਜ ਘੰਟਿਆਂ ਤੱਕ ਚੱਲਿਆ।

ਕਿਸਾਨਾਂ ਨੇ ਕੇਂਦਰ ਸਰਕਾਰ ਤਰਫ਼ੋਂ ਮਿਲੀ ਗੱਲਬਾਤ ਦੀ ਤਜਵੀਜ਼ ’ਤੇ ਵਿਚਾਰ ਵਟਾਂਦਰਾ ਕੀਤਾ, ਜਿਸ ਮਗਰੋਂ ਉਹ 14 ਫਰਵਰੀ ਨੂੰ ਮੀਟਿੰਗ ਲਈ ਰਾਜ਼ੀ ਹੋ ਗਏ। ਕਿਸਾਨਾਂ ਨੇ ਪਹਿਲਾਂ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਿਤੇ ਕੇਂਦਰ ਡੱਲੇਵਾਲ ਅਤੇ ਹੋਰ ਕਿਸਾਨਾਂ ਦਾ ਮਰਨ ਵਰਤ ਤੁੜਵਾ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਹੀ ਨਾ ਕਰੇ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਕਿਸਾਨ ਗੱਲਬਾਤ ਲਈ ਰਾਜ਼ੀ ਹੋ ਗਏ। ਮੀਟਿੰਗ ਛੇਤੀ ਸੱਦਣ ਦੀ ਮੰਗ ਵੀ ਕਿਸਾਨਾਂ ਨੇ ਰੱਖੀ ਪਰ ਇਸ ਤੇ ਅਧਿਕਾਰੀਆਂ ਨੇ ਕਿਹਾ ਕੇ ਦਿੱਲੀ ‘ਚ ਚੋਣ ਜਾਬਤਾ ਲੱਗਾ ਹੋਇਆ ਹੈ, ਇਸ ਕਰਕੇ ਮੀਟਿੰਗ  ਫਰਵਰੀ ‘ਚ ਹੀ ਹੋ ਸਕੇਗੀ। ਮਰਨ ਵਰਤ ’ਤੇ ਬੈਠੇ 121 ਹੋਰ ਕਿਸਾਨਾਂ ਦਾ ਮਰਨ ਵਰਤ ਖੁੱਲ੍ਹਵਾਉਣ ਬਾਰੇ ਵੀ ਮੀਟਿੰਗ ਸੱਦੀ ਗਈ ਹੈ। ਲੰਘੇ ਕੱਲ੍ਹ ਸ਼ਾਮ ਪੰਜ ਵਜੇ ਤੋਂ ਬਾਅਦ ਪ੍ਰਿ੍ਯਾ ਰੰਜਨ ਢਾਬੀ ਗੁੱਜਰਾਂ ’ਤੇ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਅਧਿਕਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਦੀ ਸਿਹਤ ਪ੍ਰਤੀ ਫਿਕਰਮੰਦ ਹੈ, ਜਿਸ ਕਰਕੇ ਸਰਕਾਰ ਨੇ ਉਨ੍ਹਾਂ ਨੂੰ ਇਥੇ ਭੇਜਿਆ ਹੈ। ਮੀਟਿੰਗ ਦੌਰਾਨ ਰਿਟਾਇਰਡ ਏਡੀਜੀਪੀ ਜਸਕਰਨ ਸਿੰਘ, ਰਿਟਾਇਰਡ ਡੀਆਈਜੀ ਨਰਿੰਦਰ ਭਾਰਗਵ ਸਮੇਤ ਡੀਆਈਜੀ ਮਨਦੀਪ ਸਿੱਧੂ, ਡੀਸੀ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਮੌਜੂਦ ਸਨ। ਕਿਸਾਨਾਂ ਵੱਲੋਂ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਜਸਵਿੰਦਰ ਲੌਂਗੋਵਾਲ, ਸਰਵਣ ਪੰਧੇਰ, ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ ਅਤੇ ਇੰਦਰਜੀਤ ਕੋਟਬੁੱਢੇ ਆਗੂ ਮੀਟਿੰਗ ’ਚ ਹਾਜ਼ਰ ਸਨ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਅਤੇ ਕਿਸਾਨਾਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਹ ਮੀਟਿੰਗਾਂ ਪੰਜਾਬ ਪੱਧਰ ’ਤੇ ਹੋਈਆਂ ਸਨ ਜਿਨ੍ਹਾਂ ਵਿਚ ਪੰਜਾਬ ਸਰਕਾਰ ਦੇ ਦਸ ਵਜ਼ੀਰਾਂ ਨੇ ਵੀ ਮੁਲਾਕਾਤ ਕੀਤੀ ਸੀ। ਕਿਸਾਨਾਂ ਅਤੇ ਡੱਲੇਵਾਲ ਨੂੰ ਮਿਲਣ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਵੀ ਪੁੱਜੀ ਸੀ ਪਰ ਡੱਲੇਵਾਲ ਇਲਾਜ ਕਰਾਉਣ ਲਈ ਰਾਜ਼ੀ ਨਹੀਂ ਹੋਏ ਸਨ। ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 54ਵੇਂ ਦਿਨ ਵੀ ਜਾਰੀ ਰਿਹਾ ਪਰ ਬੀਤੀ ਰਾਤ ਉਲਟੀਆਂ ਕਾਰਨ ਉਨ੍ਹਾਂ ਦੀ ਸਿਹਤ ਲੰਘੇ ਕੱਲ੍ਹ ਵੀ ਦਿਨ ਭਰ ਡਾਵਾਂਡੋਲ ਰਹੀ। ਉਨ੍ਹਾਂ ਦੀ ਨਿਗਰਾਨੀ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਦੀਆਂ ਟੀਮਾ ਵੱਲੋਂ ਵਾਰ-ਵਾਰ ਦਵਾਈ ਲੈਣ ਲਈ ਦਬਾਅ ਪਾਉਣ ਦੇ ਬਾਵਜੂਦ ਡੱਲੇਵਾਲ ਟੱਸ ਤੋਂ ਮੱਸ ਨਾ ਹੋਏ। ਡੱਲੇਵਾਲ ਦਾ ਕਹਿਣਾ ਹੈ ਕਿ ਉਹ ਮਰਦੇ ਮਰ ਜਾਣਗੇ ਪਰ ਮੰਗਾਂ ਮੰਨੇ ਜਾਣ ਤੱਕ ਆਪਣਾ ਮਰਨ ਵਰਤ ਨਹੀਂ ਤੋੜਨਗੇ।

ਇਹ ਵੀ ਪੜ੍ਹੋ – ਗੁਰਦੁਆਰਾ ਕਮੇੇਟੀ ਦੀਆਂ ਚੋਣਾਂ ਅੱਜ, ਸ਼ਾਮ ਨੂੰ ਆਵੇਗਾ ਨਤੀਜਾ

 

Exit mobile version