The Khalas Tv Blog India ਕੇਂਦਰ ਸਰਕਾਰ ਨੇ ਨਨਕਾਣਾ ਸਾਹਿਬ ਜਾ ਰਹੇ ਸਿੱਖ ਜਥੇ ਦੀ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਲਾਈ ਰੋਕ
India International Punjab

ਕੇਂਦਰ ਸਰਕਾਰ ਨੇ ਨਨਕਾਣਾ ਸਾਹਿਬ ਜਾ ਰਹੇ ਸਿੱਖ ਜਥੇ ਦੀ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਲਾਈ ਰੋਕ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮਨਾਉਣ ਪਾਕਿਸਤਾਨ ਜਾ ਰਹੇ ਜਥੇ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਮੇਲ ਰਾਹੀਂ ਚਿੱਠੀ ਭੇਜੀ ਹੈ, ਜਿੱਸ ਵਿੱਚ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 600 ਮੈਂਬਰਾਂ ਦੇ ਇਸ ਜਥੇ ਨੇ ਅੱਜ ਤੋਂ 25 ਫਰਵਰੀ ਤੱਕ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣਾ ਸੀ।

ਗ੍ਰਹਿ ਮੰਤਰਾਲੇ ਵੱਲੋਂ ਜਥੇ ਦੀ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਦੇਰ ਸ਼ਾਮ ਨੂੰ ਲਾਈ ਇਸ ਰੋਕ ਤੇ ਸਵਾਲ ਚੁੱਕੇ ਹਨ। ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ ਵਿਖੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮਾਮਲੇ ਕਾਰਣ ਮਾਰਚ 2020 ਤੋਂ ਕੋਵਿਡ-19 ਦੇ ਚੱਲਦਿਆਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਇਹ ਤਰਕ ਜਾਇਜ਼ ਨਹੀਂ ਹੈ ਕਿਉਂਕਿ ਨਵੰਬਰ ਮਹੀਨੇ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਕੇ ਮੁੜਿਆ ਹੈ। ਜਦੋਂ ਉਸ ਵੇਲੇ ਕੋਈ ਖਤਰਾ ਨਹੀਂ ਸੀ ਤਾਂ ਹੁਣ ਖਤਰਾ ਕਿਵੇਂ ਪੈਦਾ ਹੋ ਗਿਆ।”
ਜਗੀਰ ਕੌਰ ਨੇ ਕਿਹਾ ਕਿ ਹਰ ਸ਼ਰਧਾਲੂ ਦੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਵੱਲੋਂ ਜਾਂਚ ਰਿਪੋਰਟ ਮਗਰੋਂ ਹੀ ਪਾਕਿਸਤਾਨ ਦੂਤਾਵਾਸ ਵੱਲੋਂ ਵੀਜ਼ੇ ਜਾਰੀ ਹੋਏ ਹਨ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਤਿਆਰੀਆਂ ਮੁਕੰਮਲ ਹਨ ਅਤੇ ਸ਼ਰਧਾਲੂਆਂ ਨੂੰ ਪਾਸਪੋਰਟ ਵੀ ਵੰਡ ਦਿੱਤੇ ਗਏ ਹਨ ਤਾਂ ਜਥੇ ‘ਤੇ ਰੋਕ ਲਗਾਉਣੀ ਹੈਰਾਨ ਕਰਨ ਵਾਲੀ ਗੱਲ ਹੈ।
ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਵਿਖੇ ਸ਼ਤਾਬਦੀ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ‘ਤੇ ਸਾਰੇ ਪ੍ਰਬੰਧ ਕਰ ਲਏ ਗਏ ਸਨ।

ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਕੀਤੀ ਨਿਖੇਧੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਸਿੱਖਾਂ ਲਈ ਬਹੁਤ ਅਹਿਮ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਮੱਕਾ ਤੇ ਮਦੀਨਾ, ਹਿੰਦੁਆਂ ਲਈ ਅਯੁੱਧਿਆ, ਬਨਾਰਸ ਤੇ ਜਗਨਨਾਥ ਪੁਰੀ ਸਥਾਨ ਹਨ।


ਉਨ੍ਹਾਂ ਕਿਹਾ ਕਿਹਾ ਕਿ ਤਕਰੀਬਨ 700 ਲੋਕਾਂ ਨੇ ਜਥੇ ‘ਤੇ ਸ਼ਹੀਦਾਂ ਦੀ ਯਾਦ ਵਿੱਚ 100 ਸਾਲਾ ਸ਼ਤਾਬਦੀ ਮਨਉਣ ਲਈ ਜਾਣਾ ਸੀ। ਸਾਰੇ ਹੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਰਵਾਨਗੀ ਤੋਂ ਇਕ ਦਿਨ ਪਹਿਲਾਂ ਜਥੇ ਨੂੰ ਮਨ੍ਹਾ ਕਰਨਾ ਇਹ ਕੇਂਦਰ ਸਰਕਾਰ ਦਾ ਸਿੱਖਾਂ ਦੀ ਆਸਥਾ ‘ਤੇ ਇੱਕ ਕਿਸਮ ਦਾ ਹਮਲਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਧਾਰਮਿਕ ਯਾਤਰਾਵਾਂ ‘ਤੇ ਪਾਬੰਦੀ ਮੁਗਲ ਕਾਲ ਵਿੱਚ ਵੀ ਲੱਗਦੀ ਰਹੀ ਹੈ।
ਉਸ ਦੌਰ ਵਿੱਚ ਹਿੰਦੂਆਂ ਨੂੰ ਯਾਤਰਾ ਕਰਨ ‘ਤੇ ਰੋਕਿਆ ਜਾਂਦਾ ਸੀ ਅਤੇ ਅੱਜ ਸਿੱਖਾਂ ਨੂੰ ਆਪਣੇ ਪਾਵਨ ਅਸਥਾਨ ‘ਤੇ ਜਾਣ ਤੋਂ ਰੋਕਿਆ ਗਿਆ ਹੈ। ਬਹਾਨੇ ਦਾ ਵੀ ਕੋਈ ਸਿਰ ਪੈਰ ਨਹੀਂ ਹੈ। ਕੇਂਦਰ ਸਰਕਾਰ ਦਾ ਇਹ ਫੈਸਲਾ ਨਿੰਦਣਯੋਗ ਹੈ।

ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਤੋਂ ਵੀ ਆਈ ਪ੍ਰਤਿਕਿਰਿਆ
ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਵੀ ਭਾਰਤ ਸਰਕਾਰ ਵੱਲੋਂ ਲਾਈ ਇਸ ਰੋਕ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੀ ਸਰਕਾਰ ਨੇ ਆ ਰਹੀਆਂ 700 ਦੇ ਕਰੀਬ ਸੰਗਤਾਂ ‘ਤੇ ਰੋਕ ਲਾ ਦਿੱਤੀ ਹੈ। ਭਾਰਤ ਸਰਕਾਰ ਬਹਾਨੇ ਤਲਾਸ਼ ਰਹੀ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਥੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਰੋਕ ਨੂੰ ਹਟਾਇਆ ਜਾਵੇ ਤੇ ਜਥੇ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਰਕਾਰ ਨੇ ਜਥੇ ਦੇ ਜਾਣ ‘ਤੇ ਰੋਕ ਲਾ ਦਿੱਤੀ ਹੈ। ਕੇਂਦਰ ਸਰਕਾਰ ਨੂੰ ਸੁਰਖਿਆ ਦੀ ਗੱਲ ਪਾਕਿਸਤਾਨ ਦੀ ਸਰਕਾਰ ਨਾਲ ਗੱਲ ਕਰਕੇ ਹੱਲ ਕਰਨੀ ਚਾਹੀਦੀ ਹੈ। ਕੋਰੋਨਾ ਦਾ ਬਹਾਨਾ ਵੀ ਗਲਤ ਹੈ। ਕਰਤਾਰਪੁਰ ਕੋਰੀਡੋਰ ਬੰਦ ਪਿਆ ਹੈ ਤੇ ਹੁਣ ਨਨਕਾਣਾ ਸਹਿਬ ਜਾਣ ‘ਤੇ ਲਾਈ ਰੋਕ ਨਾਲ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ।

Exit mobile version