ਬਿਊਰੋ ਰਿਪੋਰਟ : ਖੁਫਿਆ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਵੱਡਾ ਇਨਪੁੱਟ ਦਿੱਤਾ ਹੈ । ਏਜੰਸੀਆਂ ਨੇ ਸ਼ੱਕ ਜਤਾਇਆ ਹੈ ਕਿ ਵਾਰਿਸ ਪੰਜਾਬ ਦੇ ਮੁੱਖੀ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ‘ਤੇ ਹਮਲਾ ਹੋ ਸਕਦਾ । ਕੁਝ ਦੇਸ਼ ਵਿਰੋਧੀ ਤਾਕਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੂੰ ਭੜਕਾ ਸਕਦੀਆਂ ਹਨ । ਇਹ ਹਮਲਾ ਕੌਣ ਕਰ ਸਕਦਾ ਹੈ ? ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ । ਕੇਂਦਰੀ ਏਜੰਸੀਆਂ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ‘ਤੇ ਹਮਲੇ ਬਾਰੇ ਪੰਜਾਬ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਉਧਰ ਭਾਈ ਅੰਮ੍ਰਿਤਪਾਲ ਸਿੰਘ ਦੀ ਫੰਡਿੰਗ ਨੂੰ ਲੈਕੇ ਵੀ ਕੇਂਦਰ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤਾ ਹੈ । ਕੇਂਦਰੀ ਖੁਫਿਆ ਏਜੰਸੀਆਂ ਨੇ ਆਪਣੇ ਅਲਰਟ ਵਿੱਚ ਵਾਰਿਸ ਪੰਜਾਬ ਨੂੰ ਜਿੰਨੇ ਵੀ ਜ਼ਿਲ੍ਹਿਆਂ ਤੋਂ ਫੰਡਿੰਗ ਕੀਤੀ ਜਾ ਰਹੀ ਹੈ ਉਸ ਦੀ ਜਾਣਕਾਰੀ ਮੰਗੀ ਹੈ । ਕੇਂਦਰ ਸਰਕਾਰ ਨੇ ਪੰਜਾਬ ਪੁਲਿਸ ਦੇ ਨਾਲ ਹੋਰ ਏਜੰਸੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਜਲਦ ਤੋਂ ਜਲਦ ਇਹ ਜਾਣਕਾਰੀ ਕੇਂਦਰੀ ਖੁਫਿਆ ਏਜੰਸੀਆਂ ਨੂੰ ਦਿੱਤੀਆਂ ਜਾਣ । ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਮੁੱਦਾ ਵਿਚਾਰਿਆ ਗਿਆ ਹੋ ਸਕਦਾ ਹੈ। ਉਧਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਵੱਧ ਫੋਰਸ ਦੀ ਮੰਗ ਕੀਤੀ ਸੀ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨਜ਼ੂਰ ਕਰ ਲਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ
ਨਿਊਜ਼ 18 ਦੀ ਰਿਪੋਰਟਰ ਮੁਤਾਬਿਕ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲੋ ਰੈਪਿਡ ਐਕਸ਼ਨ ਫੋਰਸ ਦੀ ਮੰਗ ਕੀਤੀ ਸੀ ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨਜ਼ੂਰ ਕਰ ਲਿਆ ਹੈ । ਪੰਜਾਬ ਸਰਕਾਰ ਵੱਲੋਂ 6 ਤੋਂ 16 ਮਾਰਚ ਦੇ ਵਿਚਾਲੇ ਇਹ ਫੋਰਸ ਮੰਗੀ ਗਈ ਹੈ । ਇਸ ਦੌਰਾਨ ਸੂਬੇ ਵਿੱਚ ਹੋਲੀ ਦਾ ਤਿਉਹਾਰ ਹੈ । ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮੁਹੱਲਾ ਵੀ ਮਨਾਇਆ ਜਾਣਾ ਹੈ। ਕੋਈ ਗੜਬੜੀ ਨਾ ਹੋਵੇ ਅਤੇ ਪੰਜਾਬ ਪੁਲਿਸ ਨੂੰ ਕਾਨੂੰਨੀ ਹਾਲਾਤ ਠੀਕ ਰੱਖਣ ਵਿੱਚ ਫੋਰਸ ਵਿੱਚ ਕੋਈ ਕਮੀ ਨਾ ਆਏ ਇਸੇ ਲਈ ਇਹ ਮੰਗ ਰੱਖੀ ਗਈ ਸੀ । ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੀਐੱਮ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਲਿਖਿਆ ਕਿ ‘ਅੱਜ ਕੇਂਦਰੀ ਗ੍ਰਹਿ ਮੰਤਰੀ @AmitShah ਨਾਲ ਮੁਲਾਕਾਤ ਕਰਕੇ ਬਾਰਡਰ ‘ਤੇ ਆਉਂਦੇ ਡ੍ਰੋਨ ਤੇ ਨਸ਼ੇ ਦੇ ਮਸਲੇ ‘ਤੇ ਚਰਚਾ ਕੀਤੀ…ਸਰਹੱਦ ‘ਤੇ ਕੰਡਿਆਲੀ ਤਾਰ ਸ਼ਿਫਟ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ… ਪੰਜਾਬ ਦਾ ਰੁਕਿਆ ਪੇਂਡੂ ਵਿਕਾਸ ਫੰਡ ਵੀ ਜਲਦ ਜਾਰੀ ਕਰਨ ਨੂੰ ਕਿਹਾ… ਕਾਨੂੰਨ ਵਿਵਸਥਾ ਦੇ ਮਸਲੇ ‘ਤੇ ਕੇਂਦਰ-ਪੰਜਾਬ ਮਿਲਕੇ ਕੰਮ ਕਰਨਗੇ…। ਉਧਰ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ਼ ਸ਼ਿਵਸੈਨਾ ਬਾਲ ਠਾਕਰੇ ਵੱਲੋਂ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਪਹੁੰਚ ਗਈਆਂ ਅਤੇ ਮਾਮਲਾ ਤਣਾਅ ਪੂਰਨ ਹੋ ਗਿਆ ।’
ਅੱਜ ਕੇਂਦਰੀ ਗ੍ਰਹਿ ਮੰਤਰੀ @AmitShah ਨਾਲ ਮੁਲਾਕਾਤ ਕਰਕੇ ਬਾਰਡਰ 'ਤੇ ਆਉਂਦੇ ਡ੍ਰੋਨ ਤੇ ਨਸ਼ੇ ਦੇ ਮਸਲੇ 'ਤੇ ਚਰਚਾ ਕੀਤੀ…ਸਰਹੱਦ 'ਤੇ ਕੰਡਿਆਲੀ ਤਾਰ ਸ਼ਿਫਟ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ…
ਪੰਜਾਬ ਦਾ ਰੁਕਿਆ ਪੇਂਡੂ ਵਿਕਾਸ ਫੰਡ ਵੀ ਜਲਦ ਜਾਰੀ ਕਰਨ ਨੂੰ ਕਿਹਾ…
ਕਾਨੂੰਨ ਵਿਵਸਥਾ ਦੇ ਮਸਲੇ 'ਤੇ ਕੇਂਦਰ-ਪੰਜਾਬ ਮਿਲਕੇ ਕੰਮ ਕਰਨਗੇ…— Bhagwant Mann (@BhagwantMann) March 2, 2023
ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਾ ਆਹਮੋ-ਸਾਹਮਣੇ
ਸ਼ਿਵਸੈਨਾ ਬਾਲ ਠਾਕਰੇ ਦੇ ਹਮਾਇਤੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਥਾਣੇ ‘ਤੇ ਹਮਲਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਦੇ ਖਿਲਾਫ਼ ਪ੍ਰਦਰਸ਼ਨ ਕਰਨ ਪਹੁੰਚੇ ਸਨ ਇਸ ਦੌਰਾਨ ਉਨ੍ਹਾਂ ਨੇ ਪੁਤਲਾ ਵੀ ਫੂਕਨਾ ਸੀ । ਪਰ ਜਿਵੇਂ ਹੀ ਸਿੱਖ ਜਥੇਬੰਦੀਆਂ ਨੂੰ ਇਸ ਦੀ ਖ਼ਬਰ ਮਿਲੀ ਉਹ ਵੀ ਉੱਥੇ ਪਹੁੰਚ ਗਈਆਂ । ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਸ਼ਿਵਸੈਨਾ ਨੂੰ ਪੁਤਲਾ ਫੂਕਨ ਤੋਂ ਰੋਕ ਦਿੱਤਾ । ਉਧਰ ਸ਼ਿਵਸੈਨਾ ਨੇ ਕਿਹਾ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਾਰਵਾਈ ਕਰ ਰਹੇ ਹਨ ਜਿਸ ਦੇ ਲਈ ਉਨ੍ਹਾਂ ਨੇ ਪੁਲਿਸ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਹੈ ।