ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣਗੀਆਂ ਕਿਸਾਨ ਮਹਾਂਪੰਚਾਇਤਾਂ
‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸੰਯੁਕਤ ਕਿਸਾਨ ਮੋਰਚਾ ਨੇ ਆਉਣ ਵਾਲੇ ਦਿਨਾਂ ਵਿੱਚ ਮਹਾਂਪੰਚਾਇਤਾਂ ਦੀ ਸੂਚੀ ਜਾਰੀ ਕੀਤੀ ਹੈ। ਮੋਰਚਾ ਵੱਲੋਂ ਜਾਰੀ ਵੇਰਵੇ ਅਨੁਸਾਰ 12 ਫ਼ਰਵਰੀ ਨੂੰ ਬਿਲਾਰੀ, ਮੁਰਦਾਬਾਦ, ਪੀਡੀਐਮ ਕਾਲਜ ਬਹਾਦਰਗੜ੍ਹ, 18 ਫ਼ਰਵਰੀ ਨੂੰ ਰਾਇਸਿੰਘ ਨਗਰ, ਸ੍ਰੀ ਗੰਗਾਨਗਰ, ਰਾਜਸਥਾਨ, 19 ਫ਼ਰਵਰੀ ਨੂੰ ਹਨੂੰਮਾਨਗੜ੍ਹ, ਰਾਜਸਥਾਨ ਤੇ 23 ਫ਼ਰਵਰੀ ਨੂੰ ਸੀਕਰ, ਰਾਜਸਥਾਨ ਵਿਖੇ ਮਹਾਂਪੰਚਾਇਤ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਜਥੇਬੰਦੀ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਦੇ ਕਿਸਾਨ ਵਿਰੋਧੀ ਬਿਆਨਾਂ ਦੀ ਨਿਖੇਦੀ ਕੀਤੀ ਹੈ। ਕਿਸਾਨ ਲੀਡਰਾਂ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਮਹਾਂਪੰਚਾਇਤਾਂ ਦਾ ਦੌਰ ਜਾਰੀ ਹੈ। ਪੰਜਾਬ ਦੇ ਜਗਰਾਉਂ ਵਿੱਚ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਕਿਸਾਨਾਂ ਦੇ ਨਾਲ-ਨਾਲ ਹੋਰ ਨਾਗਰਿਕਾਂ ਨੇ ਵੀ ਵੱਡੇ ਪੱਧਰ ‘ਤੇ ਹਿੱਸਾ ਲਿਆ। ਸ਼ੰਭੂ ਸਰਹੱਦ ‘ਤੇ ਵੀ ਕਿਸਾਨਾਂ ਨੇ ਪੰਚਾਇਤ ਕੀਤੀ।
ਸਿੰਘੂ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਲਾਗੂ ਕਰਨ’ ਤੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਕਿਸਾਨਾਂ ਨੇ ਟਿਕਰੀ ਮੋਰਚੇ ‘ਤੇ ਸੀਸੀਟੀਵੀ ਲਾਉਣ ਲਈ ਹਰਿਆਣਾ ਸਰਕਾਰ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ।