ਬਿਊਰੋ ਰਿਪੋਰਟ (24 ਸਤੰਬਰ 2025): CBSE ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਬੋਰਡ ਨੇ ਪ੍ਰੀਖਿਆਵਾਂ ਲਈ ਇੱਕ ਅਸਥਾਈ ਡੇਟਸ਼ੀਟ ਵੀ ਜਾਰੀ ਕੀਤੀ ਹੈ।
ਇਹ ਪਹਿਲੀ ਵਾਰ ਹੈ ਕਿ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕ ਅਕਾਦਮਿਕ ਸੈਸ਼ਨ ਵਿੱਚ ਦੋ ਵਾਰੀ ਕਰਵਾਈਆਂ ਜਾਣਗੀਆਂ।
ਸੀਬੀਐਸਈ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ਼ ਦੇ ਅਨੁਸਾਰ, ਪਹਿਲਾ ਐਡੀਸ਼ਨ 17 ਫਰਵਰੀ ਤੋਂ 6 ਮਾਰਚ, 2026 ਤੱਕ ਹੋਵੇਗਾ, ਜਦਕਿ ਦੂਜਾ ਐਡੀਸ਼ਨ 15 ਮਈ ਤੋਂ 1 ਜੂਨ, 2026 ਤੱਕ ਨਿਰਧਾਰਤ ਕੀਤਾ ਗਿਆ ਹੈ।
ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 9 ਅਪ੍ਰੈਲ, 2026 ਤੱਕ ਆਯੋਜਿਤ ਕੀਤੀਆਂ ਜਾਣਗੀਆਂ।
ਉੱਤਰ ਪੱਤਰੀਆਂ ਦਾ ਮੁਲਾਂਕਣ ਹਰੇਕ ਵਿਸ਼ੇ ਦੀ ਪ੍ਰੀਖਿਆ ਤੋਂ ਲਗਭਗ 10 ਦਿਨ ਬਾਅਦ ਸ਼ੁਰੂ ਹੋਵੇਗਾ ਅਤੇ 12 ਦਿਨਾਂ ਵਿੱਚ ਸਮਾਪਤ ਕੀਤਾ ਜਾਵੇਗਾ। ਉਦਾਹਰਨ ਵਜੋਂ, ਜੇ ਬਾਰ੍ਹਵੀਂ ਜਮਾਤ ਦੀ ਭੌਤਿਕ ਵਿਗਿਆਨ ਦੀ ਪ੍ਰੀਖਿਆ 20 ਫਰਵਰੀ, 2026 ਨੂੰ ਹੈ, ਤਾਂ ਮੁਲਾਂਕਣ 3 ਮਾਰਚ, 2026 ਤੋਂ ਸ਼ੁਰੂ ਹੋ ਕੇ 15 ਮਾਰਚ, 2026 ਤੱਕ ਖਤਮ ਹੋ ਸਕਦਾ ਹੈ।