‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ ਸੀਬੀਐੱਸਈ ਨੇ ਸੈਸ਼ਨ 2021-22 ਤੋਂ ਪੰਜਾਬੀ ਦੇ ਸਿਲੇਬਸ ਵਿੱਚ ਫੇਰਬਦਲ ਕੀਤਾ ਹੈ। ਇਸ ਅਨੁਸਾਰ ਸੀਬੀਐੱਸਈ ਵੱਲੋਂ 9ਵੀਂ ਤੋਂ 12ਵੀਂ ਜਮਾਤਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀਆਂ ਪੁਸਤਕਾਂ ਪੜ੍ਹਾਈਆਂ ਜਾਣਗੀਆਂ। ਪਹਿਲਾਂ ਇਨ੍ਹਾਂ ਜਮਾਤਾਂ ਲਈ ਸੀਬੀਐੱਸਈ ਵੱਲੋਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਸਨ। ਜਾਣਕਾਰੀ ਅਨੁਸਾਰ ਨਵੇਂ ਸਿਲੇਬਸ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਲੋਕ ਧਾਰਾ ਤੇ ਪੰਜਾਬੀ ਦੇ ਤਕਨੀਕੀ ਪੱਖ ਨਾਲ ਜੋੜਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਇਸ ਸਿਲੇਬਸ ਨੂੰ ਦੇਸ਼ ਭਰ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਲਾਗੂ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਨਾਹਰ ਸਿੰਘ ਅਨੁਸਾਰ ਸੀਬੀਐੱਸਈ ਦਾ ਬਦਲਿਆ ਸਿਲੇਬਸ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਲੋਕ ਧਾਰਾ ਨਾਲ ਜੋੜਨ ਵਿੱਚ ਵਿਸ਼ੇਸ਼ ਰੋਲ ਨਿਭਾਏਗਾ।