‘ਦ ਖ਼ਾਲਸ ਬਿਊਰੋ :- ਸੀਬੀਐੱਸਈ ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 99.37 ਫੀਸਦ ਵਿਦਿਆਰਥੀ ਪਾਸ ਹੋਏ ਹਨ। 99.13 ਫੀਸਦ ਮੁੰਡੇ ਪਾਸ ਹੋਏ ਹਨ। 99.67 ਕੁੜੀਆਂ ਪਾਸ ਹੋਈਆਂ ਹਨ। 13,04,561 ਵਿਦਿਆਰਥੀਆਂ ਨੇ ਪੇਪਰ ਲਈ ਆਪਣੇ-ਆਪ ਨੂੰ ਰਜਿਸਟਰ ਕੀਤਾ ਸੀ ਅਤੇ 12,96,318 ਵਿਦਿਆਰਥੀਆਂ ਨੇ 99.37 ਫੀਸਦ ਨਾਲ 12ਵੀਂ ਜਮਾਤ ਪਾਸ ਕੀਤੀ ਹੈ। 12ਵੀਂ ਜਮਾਤ ਦੇ ਵਿਦਿਆਰਥੀ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ cbseresults.nic.in ਜਾਂ ਫਿਰ cbse.gov.in ‘ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।
ਕੋਰੋਨਾ ਕਾਰਨ 12ਵੀਂ ਦੀ ਪ੍ਰੀਖਿਆ ਇਸ ਵਾਰ ਵੀ ਨਹੀਂ ਲਈ ਗਈ ਸੀ ਅਤੇ ਨਤੀਜਾ ਵਿਦਿਆਰਥੀਆਂ ਦੀਆਂ ਤਿਮਾਹੀ ਅਤੇ ਛਿਮਾਹੀ ਸਮੇਤ ਇੰਟਰਨਲ ਅਸਿਸਮੈਂਟ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਪਿਛਲੇ ਸਾਲ ਵਿਦਿਆਰਥੀਆਂ ਦੇ ਅੱਧ-ਪਚੱਧੇ ਪੇਪਰ ਲਏ ਗਏ ਸਨ ਅਤੇ ਉਨ੍ਹਾਂ ਪੇਪਰਾਂ ਦੇ ਅੰਕਾਂ ਦੀ ਔਸਤ ਕੱਢ ਕੇ ਬਾਕੀ ਵਿਸ਼ਿਆਂ ਦੇ ਨੰਬਰ ਜੋੜ ਦਿੱਤੇ ਗਏ ਸਨ। ਦਸਵੀਂ ਅਤੇ ਅੱਠਵੀਂ ਦਾ ਨਤੀਜਾ ਵੀ ਇਸੇ ਪੈਟਰਨ ‘ਤੇ ਤਿਆਰ ਕੀਤਾ ਗਿਆ ਸੀ। ਬਾਰ੍ਹਵੀਂ ਦੇ ਨਤੀਜੇ ਨੂੰ ਬਗੈਰ ਪ੍ਰੀਖਿਆਂ ਲਏ ਤੋਂ ਤਿਆਰ ਕਰਨ ਨੂੰ ਲੈ ਕੇ ਕਈ ਤਰ੍ਹਾਂ ਦਾ ਵਿਵਾਦ ਛਿੜ ਗਿਆ ਸੀ ਪਰ ਕੋਰੋਨਾ ਦੀ ਜਾਨਲੇਵਾ ਬਿਮਾਰੀ ਦੇ ਮੱਦੇਨਜ਼ਰ ਨਤੀਜਾ ਤਿਮਾਹੀ ਅਤੇ ਛਿਮਾਹੀ ਦੇ ਆਧਾਰ ‘ਤੇ ਤਿਆਰ ਕਰਨ ਦੀ ਸਹਿਮਤੀ ਬਣ ਗਈ।