The Khalas Tv Blog Punjab DIG ਭੁੱਲਰ ਦੇ ਚੰਡੀਗੜ੍ਹ ਘਰ ’ਤੇ CBI ਦੀ ਮੁੜ ਰੇਡ, ਘਰ ’ਚ ਹਾਲੇ ਵੀ ਮਹੱਤਵਪੂਰਨ ਦਸਤਾਵੇਜ਼ ਮੌਜੂਦ!
Punjab

DIG ਭੁੱਲਰ ਦੇ ਚੰਡੀਗੜ੍ਹ ਘਰ ’ਤੇ CBI ਦੀ ਮੁੜ ਰੇਡ, ਘਰ ’ਚ ਹਾਲੇ ਵੀ ਮਹੱਤਵਪੂਰਨ ਦਸਤਾਵੇਜ਼ ਮੌਜੂਦ!

ਬਿਊਰੋ ਰਿਪੋਰਟ (23 ਅਕਤੂਬਰ, 2025): ਰਿਸ਼ਵਤਖੋਰੀ ਦੇ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਦੇ ਘਰ ’ਤੇ CBI ਨੇ ਮੁੜ ਛਾਪਾਮਾਰੀ ਕੀਤੀ ਹੈ। ਇਹ ਰੇਡ ਉਨ੍ਹਾਂ ਦੀ ਚੰਡੀਗੜ੍ਹ ਸੈਕਟਰ-21 ਸਥਿਤ ਕੋਠੀ ‘ਚ ਹੋਈ, ਜਿੱਥੇ ਦੁਪਹਿਰ ਲਗਭਗ 2:30 ਵਜੇ ਦਿੱਲੀ ਨੰਬਰ ਦੀ ਗੱਡੀ ’ਚ 11 CBI ਅਧਿਕਾਰੀ ਪਹੁੰਚੇ।

ਸਰੋਤਾਂ ਮੁਤਾਬਕ, CBI ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਘਰ ਵਿੱਚ ਹਾਲੇ ਵੀ ਕੁਝ ਮਹੱਤਵਪੂਰਨ ਦਸਤਾਵੇਜ਼ ਮੌਜੂਦ ਹਨ, ਜਿਨ੍ਹਾਂ ਨੂੰ ਬਰਾਮਦ ਕਰਨਾ ਲਾਜ਼ਮੀ ਹੈ।

ਇਸ ਤੋਂ ਪਹਿਲਾਂ ਵੀ CBI ਨੇ ਭੁੱਲਰ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, ਜਾਇਦਾਦ ਦੇ ਕਾਗਜ਼, ਮਹਿੰਗੀਆਂ ਘੜੀਆਂ ਤੇ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਸੀ। ਨਾਲ ਹੀ, ਉਨ੍ਹਾਂ ਦੇ ਬੈਂਕ ਲਾਕਰ ਤੋਂ ਵੀ ਸੋਨਾ ਤੇ ਜ਼ਮੀਨ ਦੇ ਦਸਤਾਵੇਜ਼ ਮਿਲੇ ਸਨ।

CBI ਨੇ DIG ਭੁੱਲਰ ਅਤੇ ਉਨ੍ਹਾਂ ਦੇ ਏਜੰਟ ਕ੍ਰਿਸ਼ਨੂ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਕ੍ਰਿਸ਼ਨੂ ਨੂੰ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਆਕਾਸ਼ ਬੱਤਰਾ ਤੋਂ 8 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਸੈਕਟਰ-21 ਚੰਡੀਗੜ੍ਹ ’ਚ ਫੜਿਆ ਗਿਆ ਸੀ। ਇਸ ਤੋਂ ਬਾਅਦ CBI ਦੀ ਟੀਮ ਨੇ DIG ਭੁੱਲਰ ਨੂੰ ਵੀ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕ੍ਰਿਸ਼ਨੂ ਹੀ DIG ਲਈ ਰਿਸ਼ਵਤ ਦੇ ਸੌਦੇ ਕਰਵਾਉਂਦਾ ਸੀ ਅਤੇ ਉਹ ਉਸ ਦਾ ਨਿੱਜੀ ਬੰਦਾ ਹੈ। ਚੰਡੀਗੜ੍ਹ ਦੀ ਖ਼ਾਸ CBI ਅਦਾਲਤ ਨੇ ਦੋਹਾਂ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ ਹੈ। DIG ਹਰਚਰਨ ਭੁੱਲਰ ਨੂੰ ਸਰਕਾਰ ਪਹਿਲਾਂ ਹੀ ਸਸਪੈਂਡ ਕਰ ਚੁੱਕੀ ਹੈ।

Exit mobile version