ਮੁਹਾਲੀ : ਸ਼ਨੀਵਾਰ ਨੂੰ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 379 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 66 ਘਟਨਾਵਾਂ ਵਾਪਰੀਆਂ। ਜਿਸ ਨਾਲ ਸੂਬੇ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 3900 ਤੋਂ ਵੱਧ ਹੋ ਗਈ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੀਆਂ 587 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਵਾਧਾ ਹੈ। ਸਭ ਤੋਂ ਵੱਧ 79 ਮਾਮਲੇ ਸੰਗਰੂਰ ਵਿੱਚ ਸਾਹਮਣੇ ਆਏ ਹਨ।
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ 15 ਸਤੰਬਰ ਤੋਂ 2 ਨਵੰਬਰ ਤੱਕ ਖੇਤਾਂ ਵਿਚ ਅੱਗ ਲੱਗਣ ਦੇ 3,916 ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 50, ਤਰਨ ਤਾਰਨ ਵਿਚ 42, ਬਠਿੰਡਾ ਵਿੱਚ 28, ਅੰਮ੍ਰਿਤਸਰ ਵਿੱਚ 27, ਮੋਗਾ ਵਿੱਚ 26, ਪਟਿਆਲਾ ਵਿੱਚ 21 ਅਤੇ ਲੁਧਿਆਣਾ ਤੇ ਕਪੂਰਥਲਾ ਵਿੱਚ 15-15 ਮਾਮਲੇ ਸਾਹਮਣੇ ਆਏ ਹਨ।
ਜਲੰਧਰ ਵਿੱਚ ਅੱਠ, ਫਰੀਦਕੋਟ ਅਤੇ ਬਰਨਾਲਾ ਵਿੱਚ ਛੇ-ਛੇ, ਮਾਲੇਰਕੋਟਲਾ ਵਿੱਚ ਪੰਜ, ਨਵਾਂ ਸ਼ਹਿਰ ਤਿੰਨ, ਰੂਪਨਗਰ ਅਤੇ ਹੁਸ਼ਿਆਰਪੁਰ ਵਿੱਚ ਦੋ-ਦੋ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਫਾਜ਼ਿਲਕਾ ਸ਼ਹਿਰ ਵਿੱਚ ਸਿਰਫ਼ ਇੱਕ ਮਾਮਲਾ ਹੀ ਸਾਹਮਣੇ ਆਇਆ ਹੈ। ਇਸ ਵਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਪਹਿਲਾਂ ਦੇ ਮੁਕਾਬਲੇ ਘੱਟ ਹਨ। ਦੱਸ ਦੇਈਏ ਕਿ 2 ਨਵੰਬਰ 2022 ‘ਚ 21,480 ਕੇਸ ਦਰਜ ਕੀਤੇ ਗਏ ਸਨ ਤੇ 2023 ‘ਚ 11,262 ਮਾਮਲੇ ਸਾਹਮਣੇ ਆਏ ਸਨ।