The Khalas Tv Blog Punjab ਗਰੀਬੜੇ ਪਰਿਵਾਰ ਨੂੰ ਬਿਜਲੀ ਦਾ ਇੰਨਾ ਬਿਲ ਆਇਆ ਕਿ ਘਰ ਵੇਚ ਕੇ ਵੀ ਭਰ ਨਹੀਂ ਹੋਣਾ, ਕੈਪਟਨ ਸਾਹਬ ਧਿਆਨ ਦਿਉ!
Punjab

ਗਰੀਬੜੇ ਪਰਿਵਾਰ ਨੂੰ ਬਿਜਲੀ ਦਾ ਇੰਨਾ ਬਿਲ ਆਇਆ ਕਿ ਘਰ ਵੇਚ ਕੇ ਵੀ ਭਰ ਨਹੀਂ ਹੋਣਾ, ਕੈਪਟਨ ਸਾਹਬ ਧਿਆਨ ਦਿਉ!

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਬੋਹਰ ਦੇ ਪਿੰਡ ਗਿੱਦੜਾਂਵਾਲੀ ਦੇ ਇੱਕ ਘੱਟ ਗਿਣਤੀ ਭਾਈਚਾਰੇ ਅਤੇ ਗਰੀਬ ਪਰਿਵਾਰ ਦੇ ਘਰ ਦਾ ਬਿਜਲੀ ਦਾ ਬਿੱਲ 51 ਲੱਖ ਤੋਂ ਵੀ ਵੱਧ ਦਾ ਆਇਆ ਹੈ। ਪਰਿਵਾਰ ਦੇ ਮੁਖੀ ਹੰਸਾ ਸਿੰਘ ਹੈ, ਜੋ ਕਿ ਦਿਹਾੜੀ ਮਜ਼ਦੂਰੀ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਦਿਲ ਦਾ ਰੋਗੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਉਸਦੀ ਪਤਨੀ ਵੀ ਬਿਮਾਰ ਰਹਿੰਦੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਬੇਟਾ, ਨੂੰਹ ਅਤੇ ਦੋ ਛੋਟੇ ਬੱਚੇ ਹਨ। ਹੰਸਾ ਸਿੰਘ ਦਾ ਬੇਟਾ ਜਗਸੀਰ ਸਿੰਘ ਬਾਗਾਂ ਵਿੱਚ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਘਰ ਦੇ ਹਾਲਾਤ ਹੀ ਦੱਸ ਰਹੇ ਹਨ ਕਿ ਇਸ ਪਰਿਵਾਰ ਨੂੰ ਬਿਜਲੀ ਦਾ ਬਿੱਲ ਬਿਲਕੁਲ ਹੀ ਗਲਤ ਅਤੇ ਨਾਜਾਇਜ਼ ਆਇਆ ਹੈ, ਕਿਉਂਕਿ ਘਰ ਦੇ ਅੰਦਰ ਦਾਖ਼ਲ ਹੋਣ ਵਾਲਾ ਮੁੱਖ ਦਰਵਾਜਾ ਲੱਕੜ ਦਾ ਹੈ, ਜੋ ਕਿ ਉਹ ਵੀ ਡਿੱਗਣ ਵਾਲੀ ਹਾਲਤ ਵਿੱਚ ਹੈ, ਰੱਸੀਆਂ ਦੇ ਸਹਾਰੇ ਉਸਨੂੰ ਰੋਕਿਆ ਗਿਆ ਹੈ। ਘਰ ਦਾ ਵਿਹੜਾ ਵੀ ਕੱਚਾ ਹੈ। ਹੋਰ ਤਾਂ ਹੋਰ ਘਰ ਵਿੱਚ ਕੋਈ ਅਜਿਹੀ ਬਿਜਲਈ ਵੱਡੀ ਚੀਜ਼ ਵੀ ਨਹੀਂ ਹੈ, ਜਿਸ ਨਾਲ ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਆ ਜਾਵੇ।

ਪਰਿਵਾਰ ਨੇ ਦੱਸਿਆ ਕਿ ਪਹਿਲਾਂ ਕਰੀਬ 48 ਲੱਖ ਰੁਪਏ ਦਾ ਬਿੱਲ ਉਨ੍ਹਾਂ ਨੂੰ ਸਾਲ 2019 ਵਿੱਚ ਆਇਆ ਸੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਕਰਕੇ ਹੁਣ ਫਿਰ ਇਹ ਬਿਲ 51 ਲੱਖ 26 ਹਜ਼ਾਰ 360 ਰੁਪਏ ਦਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਬਿਲ ਨਹੀਂ ਭਰ ਸਕਦੇ, ਇਸ ਲਈ ਭਾਵੇਂ ਉਹ ਆਪਣੀ ਕੁੱਲੀ ਵੀ ਵੇਚ ਦੇਣ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸੇ ਦੀ ਗਲਤੀ ਉਨ੍ਹਾਂ ਦੇ ਸਿਰ ਮੜੀ ਜਾ ਰਹੀ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਬਿਲ ਮੁਆਫ਼ ਕੀਤਾ ਜਾਣਾ ਚਾਹੀਦਾ ਹੈ।

ਪਰਿਵਾਰ ਨੂੰ ਜਦੋਂ ਇਨਸਾਫ਼ ਨਾ ਮਿਲਿਆ ਤਾਂ ਪਰਿਵਾਰ ਨੇ ਪਿੰਡ ਦੇ ਹੀ ਵਸਨੀਕ ਅਤੇ ਪੇਸ਼ੇ ਤੋਂ ਵਕੀਲ ਇੰਦਰਜੀਤ ਸਿੰਘ ਕੋਲ ਪਹੁੰਚ ਕੀਤੀ। ਵਕੀਲ ਨੇ ਉਨ੍ਹਾਂ ਦੇ ਮਾਮਲੇ ਦੀ ਪੈਰਵਾਈ ਮੁਫ਼ਤ ਕਰਦਿਆਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਬਿਜਲੀ ਬੋਰਡ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਪੱਤਰ ਭੇਜਿਆ ਹੈ। ਵਕੀਲ ਨੇ ਕਿਹਾ ਕਿ ਜੇਕਰ ਸੁਣਵਾਈ ਨਹੀਂ ਹੁੰਦੀ ਹੈ ਤਾਂ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲਿਜਾਇਆ ਜਾਵੇਗਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਖੁਈਆਂ ਸਰਵਰ ਦੇ ਐੱਸਡੀਓ ਦਲੀਪ ਕੁਮਾਰ ਨੇ ਕਿਹਾ ਕਿ ਇਸ ਬਾਰੇ ਜਾਂਚ ਕਰਕੇ ਵੇਖਿਆ ਜਾਵੇਗਾ ਕਿ ਇਹ ਬਿਲ ਇੰਨਾ ਜ਼ਿਆਦਾ ਕਿਵੇਂ ਆਇਆ ਹੈ ਪਰ ਸਪੱਸ਼ਟ ਉੱਤਰ ਉਹ ਵੀ ਨਹੀਂ ਦੇ ਸਕੇ।

Exit mobile version