ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਐਸਡੀਐਮ ਅਤੇ ਦੋ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਡਾਕਟਰ ਹੈ, ਜਿਸ ਨੇ ਆਪਣੇ ਪਤੀ, ਪੀਆਰਓ ਅਤੇ ਐਸਡੀਐਮ ‘ਤੇ ਸਾਜ਼ਿਸ਼ ਰਚ ਕੇ ਉਸ ਦੀ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਐਸਡੀਐਮ ਨੇ ਇਸ ਪੂਰੇ ਮਾਮਲੇ ਵਿੱਚ ਖੁਦ ਨੂੰ ਬੇਕਸੂਰ ਦੱਸਿਆ ਹੈ।
ਜੰਡਿਆਲਾ ਗੁਰੂ, ਅੰਮ੍ਰਿਤਸਰ ਦੇ ਰਣਜੀਤ ਹਸਪਤਾਲ ਦੇ ਡਾਕਟਰ ਰਣਜੀਤ ਸ਼ਰਮਾ ਨੇ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਤੀ ਸਚਿਨ ਸ਼ਰਮਾ, ਹਸਪਤਾਲ ਦੇ ਪੀਆਰਓ ਖੁਸ਼ਬੀਰ ਸਿੰਘ ਅਤੇ ਐਸਡੀਐਮ ਦੀਪਕ ਭਾਟੀਆ ਨੇ ਧੋਖੇ ਨਾਲ ਹਸਪਤਾਲ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨਾਂ ਖਿਲਾਫ ਥਾਣਾ ਜੰਡਿਆਲਾਗੁਰੂ ਵਿਖੇ ਧਾਰਾ 420, 120-ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਐਸਡੀਐਮ ਦੀਪਕ ਭਾਟੀਆ ਇਸ ਵੇਲੇ ਤਰਨਤਾਰਨ ਵਿੱਚ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਬਟਾਲਾ, ਗੁਰਦਾਸਪੁਰ ਵਿਖੇ ਵੀ ਸੇਵਾ ਨਿਭਾ ਚੁੱਕੇ ਹਨ। ਬਟਾਲਾ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਦੀ ਘਟਨਾ ਦੀ ਜਾਂਚ ਦੇ ਇੰਚਾਰਜ ਐਸਡੀਐਮ ਦੀਪਕ ਭਾਟੀਆ ਵੀ ਸਨ। ਤਰਨਤਾਰਨ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿੱਚ ਤਾਇਨਾਤ ਸਨ।
ਐਸਡੀਐਮ ਭਾਟੀਆ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਦਾ ਕਹਿਣਾ ਹੈ ਕਿ ਜਾਇਦਾਦ ਦੇ ਤਬਾਦਲੇ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ। ਇਸ ਨੂੰ ਲੈ ਕੇ ਸਚਿਨ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਡਾ: ਰਣਜੀਤ ਸ਼ਰਮਾ ਵਿਚਾਲੇ ਵਿਵਾਦ ਚੱਲ ਰਿਹਾ ਹੈ। ਉਸ ਦਾ ਪੂਰੇ ਘਟਨਾਕ੍ਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਚਿਨ ਉਸ ਦਾ ਦੋਸਤ ਹੋਣ ਕਾਰਨ ਉਸ ਦਾ ਨਾਂ ਇਸ ਮਾਮਲੇ ਵਿਚ ਬੇਵਜ੍ਹਾ ਘਸੀਟਿਆ ਜਾ ਰਿਹਾ ਹੈ। ਉਹ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਕਰੇਗਾ।