The Khalas Tv Blog Punjab ਨਹੀਂ ਕੰਮ ਆਈ ਗੁਰਦਾਸ ਮਾਨ ਦੀ ਮੁਆਫ਼ੀ, ਹੋਗੀ ਵੱਡੀ ਕਾਰਵਾਈ
Punjab

ਨਹੀਂ ਕੰਮ ਆਈ ਗੁਰਦਾਸ ਮਾਨ ਦੀ ਮੁਆਫ਼ੀ, ਹੋਗੀ ਵੱਡੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਖਿਲਾਫ ਨਕੋਦਰ ਥਾਣਾ ਸਿਟੀ ਵਿੱਚ ਪੁਲਿਸ ਵੱਲੋਂ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਗੁਰਦਾਸ ਮਾਨ ‘ਤੇ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲੱਗੇ ਹਨ। ਸਿੱਖ ਅਤੇ ਪੰਥਕ ਜਥੇਬੰਦੀਆਂ ਨੇ ਨਕੋਦਰ ਵਿਖੇ ਗੁਰਦਾਸ ਮਾਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਹ ਸ਼ਿਕਾਇਤ ਸਿੱਖ ਯੂਥ ਪਾਵਰ ਆਫ ਪੰਜਾਬ ਵਿੱਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਅਕਾਲੀ ਨੇ ਦਰਜ ਕਰਵਾਈ ਹੈ, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਦਰਅਸਲ, ਗੁਰਦਾਸ ਮਾਨ ਨੇ ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਮੁਰਾਦ ਸ਼ਾਹ ਦੇ ਡੇਕੇ ‘ਤੇ ਇੱਕ ਬਾਬੇ ਲਾਡੀ ਸ਼ਾਹ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪੀੜ੍ਹੀ ਵਿੱਚੋਂ ਦੱਸਿਆ ਸੀ, ਸਿੱਖ ਭਾਈਚਾਰੇ ਨੇ ਵੱਡੇ ਪੱਧਰ ‘ਤੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਸੀ। ਸਿੱਖ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਮਾਨ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ।

ਹਾਲਾਂਕਿ, ਗੁਰਦਾਸ ਮਾਨ ਨੇ ਮੁਆਫੀ ਵੀ ਮੰਗ ਲਈ ਸੀ। ਗੁਰਦਾਸ ਮਾਨ ਨੇ ਕਿਹਾ ਸੀ ਕਿ ਮੈਂ ਕਦੇ ਵੀ ਗੁਰੂ ਜੀ ਦਾ ਅਪਮਾਨ ਨਹੀਂ ਕੀਤਾ ਪਰ ਫਿਰ ਵੀ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਮਾਨ ਨੇ ਕਿਹਾ ਕਿ ਮੈਂ ਲਾਡੀ ਸ਼ਾਹ ਦੀ ਗੁਰੂ ਜੀ ਦੇ ਨਾਲ ਤੁਲਨਾ ਨਹੀਂ ਕੀਤੀ। ਗੁਰਦਾਸ ਮਾਨ ਨੇ ਗੁਰਬਾਣੀ ਦੀ ਇੱਕ ਪੰਕਤੀ ਦਾ ਹਵਾਲਾ ਦੇ ਕੇ ਕਿਹਾ ਕਿ ਗੁਰੂ ਸਾਹਿਬ ਦੀ ਕਿਸੇ ਦੇ ਨਾਲ ਤੁਲਨਾ ਨਹੀਂ ਹੋ ਸਕਦੀ। ਮੈਂ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤੀਸਰੇ ਸਰੂਪ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਭੱਲੇ ਪਰਿਵਾਰ ਵਿੱਚ ਪੈਦਾ ਹੋਏ ਅਤੇ ਮੇਰੇ ਸਾਂਈ ਜੀ ਵੀ ਨਕੋਦਰ ਵਿਖੇ ਭੱਲੇ ਪਰਿਵਾਰ ਵਿੱਚ ਪੈਦਾ ਹੋਏ। ਪਰ ਮੈਂ ਗੁਰੂ ਸਾਹਿਬ ਜੀ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ।

ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਉਦੋਂ ਵੀ ਗੁਰਦਾਸ ਮਾਨ ਦਾ ਜੰਮ ਕੇ ਵਿਰੋਧ ਕੀਤਾ ਗਿਆ ਸੀ। ਗੁਰਦਾਸ ਮਾਨ ਨੇ ਪੰਜਾਬੀ ਮਾਂ-ਬੋਲੀ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਨੇ ਸਟੇਜ ਤੋਂ ਹੀ ਇੱਕ ਸ਼ਖਸ ਨੂੰ ਮਾੜੀ ਭਾਸ਼ਾ ‘ਚ ਜਵਾਬ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦੀ ਕਾਫੀ ਅਲੋਚਨਾ ਹੋਈ ਸੀ।

ਕੀ ਹੁੰਦੀ ਹੈ ਧਾਰਾ 295 ਏ

ਜੋ ਕੋਈ (ਭਾਰਤ ਦੇ ਨਾਗਰਿਕ) ਜਾਣ ਬੁੱਝ ਕੇ ਮੰਦਭਾਵਨਾ ਅਤੇ ਖਤਰਨਾਕ ਇਰਾਦੇ ਨਾਲ ਕਿਸੇ ਵੀ ਵਰਗ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੋਈ ਸ਼ਬਦ ਲਿਖ ਕੇ, ਬੋਲ ਕੇ, ਕੋਈ ਚਿੰਨ੍ਹ ਦੇ ਕੇ ਜਾਂ ਹੋਰ ਦਿੱਖ ਵਰਣਨ ਦੇ ਕੇ, ਕੋਈ ਛੇੜਖਾਨੀ ਜਾਂ ਬੇਇਜ਼ਤੀ ਜਾਂ ਧਰਮ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਜ਼ਾ (ਜਿਸ ਦੀ ਮਿਆਦ ਤਿੰਨ ਸਾਲ ਤੱਕ ਵਧਾਈ ਜਾ ਸਕਦੀ ਹੈ) ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੀ ਹੈ I

Exit mobile version