‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਪੁਰਾ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਕੇਸ ਦਰਜ ਹੋ ਗਿਆ ਹੈ। ਜਾਣਕਾਰੀ ਮੁਤਾਬਕ ਚਾਰ ਕਿਸਾਨਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ‘ਤੇ ਧਾਰਾ 342, 353, 186, 323, 427, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਿਸਾਨਾਂ ‘ਤੇ ਬੀਜੇਪੀ ਲੀਡਰਾਂ ਨੂੰ ਰਾਤ ਭਰ ਬੰਦੀ ਬਣਾਈ ਰੱਖਣ ਦੇ ਦੋਸ਼ ਲੱਗੇ ਹਨ। ਕੇਸ ਦਰਜ ਹੋਣ ‘ਤੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰਾਜਪੁਰਾ ਨੈਸ਼ਨਲ ਹਾਈਵੇਅ ‘ਤੇ ਧਰਨਾ ਲਗਾਇਆ ਗਿਆ। ਰਾਜਪੁਰਾ ਵਿੱਚ ਗਗਨ ਚੌਂਕ ‘ਤੇ ਕਿਸਾਨਾਂ ਨੇ ਕੇਸ ਦਰਜ ਹੋਣ ‘ਤੇ ਜਾਮ ਲਾ ਦਿੱਤਾ ਹੈ।
ਪਟਿਆਲਾ ਵਿੱਚ 11 ਜੁਲਾਈ ਨੂੰ ਕਿਸਾਨਾਂ ਨੇ ਬੀਜੇਪੀ ਦੇ ਸਥਾਨਕ ਲੀਡਰ ਭਾਵੇਸ਼ ਅਗਰਵਾਲ ਦਾ ਜ਼ਬਰਦਸਤ ਵਿਰੋਧ ਕੀਤਾ ਸੀ। ਕਿਸਾਨਾਂ ਨੇ ਬੀਜੇਪੀ ਲੀਡਰ ਦੇ ਗੰਨਮੈਨ ‘ਤੇ ਪਿਸਤੌਲ ਦਿਖਾਉਣ ਦੇ ਦੋਸ਼ ਲਾਏ ਸਨ। ਕਿਸਾਨਾਂ ਨੇ ਕਿਹਾ ਕਿ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਧਮਕਾਇਆ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਬੀਪੇਜੀ ਲੀਡਰ ਦੇ ਗੰਨਮੈਨ ਨੇ ਉਨ੍ਹਾਂ ਨੂੰ ਪਹਿਲਾਂ ਪਿਸਤੌਲ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ ਅਤੇ ਬੀਡੇਪੀ ਲੀਡਰ ਭਾਵੇਸ਼ ਅਗਰਵਾਲ ਨੂੰ ਮੁਆਫੀ ਮੰਗਣ ਲਈ ਕਿਹਾ। ਪਰਸੋਂ ਸਾਰੀ ਰਾਤ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਵੀ ਕਿਸਾਨਾਂ ‘ਤੇ ਡਿਪਟੀ ਸਪੀਕਰ ਦੀ ਗੱਡੀ ‘ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪਰਚਾ ਦਰਜ ਹੋਇਆ ਹੈ। ਪੁਲਿਸ ਨੇ 90 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਦੋ ਕਿਸਾਨਾਂ ‘ਤੇ ਉਨ੍ਹਾਂ ਦੇ ਨਾਮ ‘ਤੇ ਕੇਸ ਦਰਜ ਕੀਤਾ ਗਿਆ ਹੈ।