The Khalas Tv Blog India ਕਪਤਾਨ ਹਰਮਨਪ੍ਰੀਤ ਸਭ ਤੋਂ ਵਧੀਆ ਖਿਡਾਰੀ ਵਜੋਂ ਨਾਮਜ਼ਦ
India Punjab Sports

ਕਪਤਾਨ ਹਰਮਨਪ੍ਰੀਤ ਸਭ ਤੋਂ ਵਧੀਆ ਖਿਡਾਰੀ ਵਜੋਂ ਨਾਮਜ਼ਦ

ਚੰਡੀਗੜ੍ਹ : ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਅੱਜ ਐੱਫਆਈਐੱਚ ਸਾਲ ਦੇ ਸਰਵੋਤਮ ਖਿਡਾਰੀ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਡਰੈਗ ਫਲਿੱਕਰ ਹਰਮਨਪ੍ਰੀਤ (28) ਨੇ ਪੈਰਿਸ ਓਲੰਪਿਕ ਵਿੱਚ ਅੱਠ ਮੈਚਾਂ ’ਚ ਦਸ ਗੋਲ ਕੀਤੇ ਸੀ। ਉਹ 2020 ਅਤੇ 2022 ਵਿੱਚ ਲਗਾਤਾਰ ਦੋ ਵਾਰ ਐਵਾਰਡ ਜਿੱਤ ਚੁੱਕਿਆ ਹੈ। ਹਾਕੀ ਇੰਡੀਆ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਹਰਮਨਪ੍ਰੀਤ ਨੇ ਕਿਹਾ, ‘ਐੱਫਆਈਐੱਚ ਸਾਲ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਇੱਕ ਵਾਰ ਫਿਰ ਸ਼ਾਮਲ ਹੋਣਾ ਮਾਣ ਦੀ ਗੱਲ ਹੈ।

ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਨਾਲ ਮੈਨੂੰ ਨਾਮਜ਼ਦ ਕੀਤਾ ਗਿਆ ਹੈ। ਪਰ ਇਹ ਮੇਰੀ ਟੀਮ ਦੇ ਸਹਿਯੋਗ ਦੇ ਬਗੈਰ ਸੰਭਵ ਨਹੀਂ ਸੀ। ਮੈਂ ਐੱਫਆਈਐੱਚ ਪ੍ਰੋ ਲੀਗ ਅਤੇ ਪੈਰਿਸ ਓਲੰਪਿਕ ਵਿੱਚ ਵੀ ਇੰਨੇ ਗੋਲ ਇਸ ਲਈ ਕਰ ਸਕਿਆ ਕਿਉਂਕਿ ਟੀਮ ਨੇ ਗੋਲ ਕਰਨ ਦੇ ਮੌਕੇ ਬਣਾਏ।”

ਹਰਮਨਪ੍ਰੀਤ ਤੋਂ ਇਲਾਵਾ ਨੀਦਰਲੈਂਡ ਦੇ ਥਿਏਰੀ ਬ੍ਰਿੰਕਮੈਨ ਅਤੇ ਯੋਏਪ ਡਿ ਮੋਲ, ਜਰਮਨੀ ਦੇ ਹਾਨੇਸ ਮਿਊਲੇਰ ਅਤੇ ਇੰਗਲੈਂਡ ਦੇ ਜ਼ਾਕ ਵਾਲਾਸ ਵੀ ਦੌੜ ਵਿੱਚ ਹਨ। ਹਰਮਨਪ੍ਰੀਤ ਨੇ ਕਿਹਾ, “ਪੈਰਿਸ ਓਲੰਪਿਕ ਹੁਣ ਤੱਕ ਮੇਰੇ ਕੈਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਟੀਮ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ, ਖ਼ਾਸ ਕਰਕੇ ਪਿਛਲੇ ਸਾਲ ਵਿਸ਼ਵ ਕੱਪ ‘ਚ ਜਦੋਂ ਮੈਂ ਇੱਕ ਵੀ ਗੋਲ ਨਹੀਂ ਕਰ ਸਕਿਆ ਸੀ। ਪਰ ਟੀਮ ਨੇ ਮੈਨੂੰ ਦੋਸ਼ ਨਹੀਂ ਦਿੱਤਾ। ਮੇਰੇ ਦਿਮਾਗ ਵਿਚ ਹਮੇਸ਼ਾਂ ਇਹ ਸੀ ਕਿ ਟੀਮ ਦੇ ਭਰੋਸੇ ‘ਤੇ ਖਰਾ ਉਤਰਨਾ ਹੈ।”

ਭਾਰਤੀ ਟੀਮ ਨੇ ਹਾਲ ਹੀ ਵਿਚ ਚੀਨ ’ਚ ਏਸ਼ੀਆਈ ਚੈਂਪੀਅਨਜ਼ ਟਰਾਫੀ ਵੀ ਜਿੱਤੀ ਹੈ। ਹਰਮਨਪ੍ਰੀਤ ਨੇ 7 ਗੋਲ ਕਰਕੇ “ਪਲੇਅਰ ਆਫ਼ ਦਿ ਟੂਰਨਾਮੈਂਟ” ਦਾ ਖ਼ਿਤਾਬ ਹਾਸਲ ਕੀਤਾ।  ਪੁਰਸਕਾਰ ਲਈ ਵੋਟਿੰਗ 11 ਅਕਤੂਬਰ ਤੱਕ ਹੋਵੇਗੀ।

ਇਸ ਐਵਾਰਡ ਲਈ 2024 ਵਿੱਚ ਹੋਏ ਸਾਰੇ ਮੈਚਾਂ ਨੂੰ ਗਿਣਿਆ ਜਾਵੇਗਾ, ਜਿਸ ਵਿੱਚ ਟੈਸਟ ਮੈਚ, ਐੱਫਆਈਐੱਚ ਹਾਕੀ ਪ੍ਰੋ ਲੀਗ, ਐੱਫਆਈਐੱਚ ਹਾਕੀ ਨੇਸ਼ਾਂਸ ਕੱਪ, ਓਲੰਪਿਕ ਕੁਆਲੀਫਾਇਰ ਅਤੇ ਓਲੰਪਿਕ ਸ਼ਾਮਲ ਹੈ।

 

Exit mobile version