The Khalas Tv Blog Punjab ਆਪਾਂ ਪੰਜਾਬੀ ਹਾਂ, ਦਿਖਾ ਦੇਈਏ ਦੁਨੀਆ ਨੂੰ ਪੰਜਾਬੀ ਜੰਗ ਕਿਵੇਂ ਲੜਦੇ ਨੇ-ਕੈਪਟਨ ਅਮਰਿੰਦਰ ਸਿੰਘ
Punjab

ਆਪਾਂ ਪੰਜਾਬੀ ਹਾਂ, ਦਿਖਾ ਦੇਈਏ ਦੁਨੀਆ ਨੂੰ ਪੰਜਾਬੀ ਜੰਗ ਕਿਵੇਂ ਲੜਦੇ ਨੇ-ਕੈਪਟਨ ਅਮਰਿੰਦਰ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਭਰ ਦੇ ਸਰਪੰਚਾਂ ਨਾਲ ਸੂਬੇ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ। ਕੈਪਟਨ ਨੇ ਕਿਹਾ ਕਿ ‘ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਇਹ ਬਿਮਾਰੀ ਕੀ ਹੈ। ਸਾਨੂੰ ਬਸ ਪਤਾ ਹੈ ਕਿ ਇਹ ਵਾਇਰਸ ਹੈ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਪੂਰੀ ਦੁਨੀਆ ਵਿੱਚ ਕਿਵੇਂ ਫੈਲਿਆ। ਅੱਜ ਅਸੀਂ ਇਸ ਬਿਮਾਰੀ ਦੀ ਦੂਜੀ ਲਹਿਰ ਵੇਖ ਰਹੇ ਹਾਂ, ਪਤਾ ਨਹੀਂ ਅੱਗੇ ਹੋਰ ਕਿੰਨੀਆਂ ਲਹਿਰਾਂ ਵੇਖਣੀਆਂ ਪੈ ਸਕਦੀਆਂ ਹਨ। ਸਾਡੇ ਪੂਰੀ ਦੁਨੀਆ ਦੇ ਮਾਹਿਰ ਇਸ ਗੱਲ ਦਾ ਪਤਾ ਲਗਾ ਰਹੇ ਹਨ’।

ਕੈਪਟਨ ਨੇ ਕਿਹਾ ਕਿ ‘ਅਸੀਂ ਕਰੋਨਾ ਵੈਕਸੀਨੇਸ਼ਨ ਸਾਰੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਰੋਨਾ ਵੈਕਸੀਨ ਲਈ ਅਸੀਂ ਕੇਂਦਰ ਸਰਕਾਰ ਅਤੇ ਪ੍ਰਾਈਵੇਟ ਕੰਪਨੀਆਂ ਨਾਲ ਸੰਪਰਕ ਕੀਤਾ ਪਰ ਫਿਰ ਵੀ ਸਾਨੂੰ ਬਹੁਤ ਘੱਟ ਸਹੂਲਤ ਮਿਲੀ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਕੋਲ ਵੈਕਸੀਨ ਬਹੁਤ ਸੀ ਪਰ ਲੋਕ ਡਰ ਦੇ ਕਰਕੇ ਵੈਕਸੀਨ ਨਹੀਂ ਲਗਵਾਉਂਦੇ ਸਨ, ਕਰੋਨਾ ਟੈਸਟ ਤੱਕ ਨਹੀਂ ਕਰਵਾਉਂਦੇ ਸਨ। ਉਦੋਂ ਕੇਂਦਰ ਸਰਕਾਰ ਪੰਜਾਬ ਨੂੰ ਦੋ-ਦੋ ਲੱਖ ਵੈਕਸੀਨ ਰੋਜ਼ਾਨਾ ਪੰਜਾਬ ਵਿੱਚ ਭੇਜਣ ਨੂੰ ਤਿਆਰ ਸੀ। ਪਰ ਹੁਣ ਸਾਰੇ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਪਰ ਹੁਣ ਵੈਕਸੀਨ ਨਹੀਂ ਹੈ। ਇਸ ਲਈ ਹੁਣ ਅਸੀਂ ਵੈਕਸੀਨ ਅਤੇ ਆਕਸੀਜਨ ਦਾ ਪ੍ਰਬੰਧ ਕਰ ਰਹੇ ਹਾਂ’।

ਕੈਪਟਨ ਨੇ ਕੀਤੇ ਵੱਡੇ ਤੇ ਅਹਿਮ ਐਲਾਨ

ਕੈਪਟਨ ਨੇ ਕਿਹਾ ਕਿ ‘ਪੰਜਾਬ ਦੇ 13 ਹਜ਼ਾਰ ਪਿੰਡ ਹਨ, ਪੰਜਾਬ ਦੀ 3 ਕਰੋੜ ਆਬਾਦੀ ਹੈ। ਜੇ ਇਹ ਕਰੋਨਾ ਵੱਧ ਗਿਆ ਤਾਂ ਇਸਨੂੰ ਕਾਬੂ ਕਿਵੇਂ ਕਰਾਂਗੇ। ਇਸ ਲਈ ਇੱਕ ਮੁੱਖ ਮੰਤਰੀ ਦੇ ਨਾਲ ਤੁਸੀਂ ਸਾਰੇ ਕਰੋਨਾ ਨੂੰ ਕਾਬੂ ਕਰਨ ਵਿੱਚ ਸਹਿਯੋਗ ਕਰੋ’। ਕੈਪਟਨ ਨੇ ਯੂਪੀ ਵਿੱਚ ਕਰੋਨਾ ਸਥਿਤੀ ਦਾ ਹਵਾਲਾ ਦੇ ਕੇ ਕਿਹਾ ਕਿ ‘ਯੂਪੀ ਵਿੱਚ ਲਾਸ਼ਾਂ ਨਦੀਆਂ ਵਿੱਚ ਤੈਰ ਰਹੀਆਂ ਹਨ ਪਰ ਅਸੀਂ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਕਦੇ ਨਹੀਂ ਆਉਣ ਦੇਣੇ। ਇਸ ਲਈ ਇਕੱਲੇ-ਇਕੱਲੇ ਪੰਜਾਬੀ ਨੂੰ ਇਸ ਵਿੱਚ ਸਹਿਯੋਗ ਦੇਣਾ ਹੋਵੇਗਾ।

  • ਸਾਨੂੰ ਪਿੰਡਾਂ ਵਿੱਚ ਠੀਕਰੀ ਪਹਿਰਾ ਦੇਣਾ ਪਵੇਗਾ। ਜੇਕਰ ਪਿੰਡ ਵਿੱਚ ਕੋਈ ਮਰੀਜ਼ ਹੈ ਤਾਂ ਉਸਦਾ ਇਲਾਜ ਕਰਵਾਉ ਪਰ ਜੇਕਰ ਕੋਈ ਬਾਹਰੋਂ ਆ ਕੇ ਪਿੰਡ ਵਿੱਚ ਬਿਮਾਰੀ ਲਿਆਉਂਦਾ ਹੈ, ਉਸਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕੋ।
  • ਪੰਜਾਬ ਵਿੱਚ ਚਾਰ ਹਜ਼ਾਰ ਥਾਂਵਾਂ ‘ਤੇ ਕੋਵਿਡ ਸਥਿਤੀ ‘ਤੇ ਨਿਗਰਾਨੀ ਰੱਖਣ ਲਈ ਸਕਰੀਨਾਂ ਲੱਗੀਆਂ ਹਨ ਅਤੇ ਕਰੀਬ 20 ਹਜ਼ਾਰ ਬੰਦੇ ਇਸਨੂੰ ਵੇਖ ਰਹੇ ਹਨ।
  • ਸਾਰੇ ਸਰਪੰਚਾਂ ਨੂੰ ਆਪਣੇ ਪਿੰਡਾਂ ਵਿੱਚ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਆਪਣੇ ਪਿੰਡਵਾਸੀਆਂ ਨੂੰ ਸਮਝਾਉਣਾ ਚਾਹੀਦਾ ਹੈ। ਇਹ ਜੰਗ ਤੁਹਾਡੇ ਪਿੰਡ ਦੀ ਨਹੀਂ, ਪੂਰੀ ਦੁਨੀਆ ਦੀ ਜੰਗ ਹੈ।
  • ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
  • ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।
  • ਫਤਿਹ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਹੈ।
  • ਦਿਹਾੜੀਦਾਰਾਂ ਲਈ ਰਾਸ਼ਨ ਦੀਆਂ ਥੈਲੀਆਂ ਬਣਾਈਆਂ ਗਈਆਂ ਹਨ, ਜਿਸ ਵਿੱਚ 10 ਕਿਲੋ ਆਟਾ, 2 ਕਿਲੋ ਛੋਲੇ ਅਤੇ 2 ਕਿਲੋ ਖੰਡ ਦਿੱਤੀ ਜਾਵੇਗੀ।
  • ਹਰ ਦਿਹਾੜੀਦਾਰ ਮਜ਼ਦੂਰ ਨੂੰ 6-6 ਬੈਗ ਦਿੱਤੇ ਜਾਣਗੇ, ਭਾਵ ਪਰਿਵਾਰ ਦੇ ਜਿੰਨੇ ਜੀਅ ਹੋਣਗੇ, ਉਸ ਹਿਸਾਬ ਨਾਲ ਬੈਗ ਦਿੱਤੇ ਜਾਣਗੇ ਤਾਂ ਜੋ ਉਹ ਆਪਣਾ ਇਕਾਂਤਵਾਸ ਸਮਾਂ ਅਰਾਮ ਨਾਲ ਕੱਢ ਸਕਣ। ਇਸ ਲਈ ਉਹ ਕਰੋਨਾ ਟੈਸਟ ਕਰਵਾਉਣ ਤੋਂ ਨਾ ਡਰਨ, ਅਸੀਂ ਉਨ੍ਹਾਂ ਦੀ ਦੇਖਭਾਲ ਕਰਾਂਗੇ। ਮੈਂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿਆਂਗੇ।
  • ਜਿਹੜਾ ਪਿੰਡ 100 ਫੀਸਦੀ ਕਰੋਨਾ ਵੈਕਸੀਨੇਸ਼ਨ ਕਰਵਾਏਗਾ, ਉਸਨੂੰ ਮੈਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦੇਵਾਂਗਾ।
  • ਲੋਕਾਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਫਤਿਹ ਕਿੱਟਾਂ ਵਿੱਚ ਦਵਾਈਆਂ, ਥਰਮਾਮੀਟਰ, ਆਕਸੀਜਨ ਮੀਟਰ ਸਮੇਤ ਕੁੱਲ 22 ਚੀਜ਼ਾਂ ਹਨ।
  • ਜੇ ਤੁਹਾਡਾ ਆਕਸੀਜਨ 94 ਤੋਂ ਘੱਟ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਵੋ।
  • ਸਾਡੀਆਂ ਹੈਲਪਲਾਈਨਾਂ ਚੱਲ ਰਹੀਆਂ ਹਨ।
  • ਤੁਸੀਂ 104 ‘ਤੇ ਸੰਪਰਕ ਕਰਕੇ ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਹੈ, ਉਹ ਮੰਗਵਾ ਸਕਦੇ ਹੋ।
  • ਤੁਸੀਂ ਭੋਜਨ ਦੇ ਲਈ ਭੋਜਨ ਹੈਲਪਲਾਈਨ ਨੰਬਰ 112 ਨੰਬਰ ‘ਤੇ ਫੋਨ ਕਰ ਸਕਦੇ ਹੋ ਅਤੇ ਪੁਲਿਸ ਤੁਹਾਨੂੰ ਤੁਹਾਡੇ ਘਰਾਂ ਵਿੱਚ ਰੋਟੀ ਦੇ ਕੇ ਜਾਵੇਗੀ। ਇਸ ਲਈ ਅਸੀਂ 5 ਲੱਖ ਰੋਟੀ ਦੇ ਪੈਕੇਟ ਦਾ ਅਸੀਂ ਪ੍ਰਬੰਧ ਕਰ ਦਿੱਤਾ ਹੈ।
  • ਸਰਪੰਚਾਂ ਨੂੰ ਆਪਣੇ ਪੰਚਾਇਤ ਫੰਡ ਵਿੱਚੋਂ 5 ਹਜ਼ਾਰ ਤੋਂ 50 ਹਜ਼ਾਰ ਤੱਕ ਰੁਪਏ ਐਮਰਜੈਂਸੀ ਕੋਵਿਡ ਇਲਾਜ ਵਾਸਤੇ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।
  • ਕੈਪਟਨ ਨੇ ਸਰਪੰਚਾਂ ਨੂੰ ਜ਼ਿੰਮੇਵਾਰੀ ਦਿੰਦਿਆਂ ਕਿਹਾ ਕਿ ਜਦੋਂ ਪਿੰਡਾਂ ਵਿੱਚ ਕਰੋਨਾ ਟੈਸਟ ਕਰਨ ਲਈ ਟੀਮਾਂ ਜਾਂਦੀਆਂ ਹਨ ਤਾਂ ਲੋਕ ਕਰੋਨਾ ਟੈਸਟ ਨਹੀਂ ਕਰਵਾਉਂਦੇ। ਇਸ ਲਈ ਪਿੰਡਾਂ ਦੇ ਸਰਪੰਚ ਆਪਣੇ ਪਿੰਡਵਾਸੀਆਂ ਦਾ ਕਰੋਨਾ ਟੈਸਟ ਕਰਵਾਉਣ।
  • ਜਿਨ੍ਹਾਂ ਨੂੰ ਵੀ ਸਟੇਜ ਇੱਕ ‘ਤੇ ਕਰੋਨਾ ਬਿਮਾਰੀ ਹੋ ਗਈ ਹੈ, ਉਨ੍ਹਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਣ।
  • ਕੈਪਟਨ ਨੇ ਕਿਹਾ ਕਿ ‘ਪੰਜਾਬ ਵਿੱਚ ਕਰੋਨਾ ਕਰਕੇ ਕੋਈ ਵੀ ਮੌਤ ਨਹੀਂ ਹੋਣੀ ਚਾਹੀਦੀ’।

ਕੈਪਟਨ ਨੇ ਦੱਸੇ ਕਰੋਨਾ ਦੇ ਤਿੰਨ ਲੈਵਲ

ਕੈਪਟਨ ਨੇ ਕਿਹਾ ਕਿ ‘ਇਸ ਬਿਮਾਰੀ ਦੇ ਤਿੰਨ ਲੈਵਲ ਹਨ। ਲੈਵਲ ਇੱਕ ਵਿੱਚ ਮਰੀਜ਼ ਘਰੇ ਹੀ ਫਤਿਹ ਕਿੱਟ ਲੈ ਜਾਂਦਾ ਹੈ ਅਤੇ ਦਵਾਈਆਂ ਵਗੈਰਾ ਲੈ ਕੇ ਅਰਾਮ ਕਰਕੇ ਠੀਕ ਹੋ ਜਾਂਦਾ ਹੈ। ਲੈਵਲ ਦੋ ਵਿੱਚ ਮਰੀਜ਼ ਨੂੰ ਹਸਪਤਾਲ ਦੀ ਲੋੜ ਪੈਂਦੀ ਹੈ ਅਤੇ ਕਦੇ-ਕਦੇ ਆਕਸੀਜਨ ਦੀ ਲੋੜ ਪੈਂਦੀ ਹੈ। ਪਰ ਪੰਜਾਬ ਵਿੱਚ ਅਸੀਂ ਹਸਪਤਾਲ ਹੀ ਉਦੋਂ ਜਾਂਦੇ ਹਾਂ, ਜਦੋਂ ਸਾਡਾ ਅਖੀਰਲਾ ਦਿਨ ਆ ਜਾਂਦਾ ਹੈ। ਲੈਵਲ ਦੋ ਵਿੱਚ ਇਸ ਵੇਲੇ ਹਸਪਤਾਲਾਂ ਵਿੱਚ 64 ਫੀਸਦੀ ਬੈੱਡ ਭਰੇ ਹੋਏ ਹਨ ਅਤੇ ਲੈਵਲ ਤਿੰਨ ਵਿੱਚ 85 ਫੀਸਦੀ ਬੈੱਡ ਭਰੇ ਪਏ ਹਨ। ਪੰਜਾਬ ਵਿੱਚ ਵੈਸੇ ਹੁਣ ਕਰੋਨਾ ਪਾਜ਼ੀਟਿਵ ਦੇ ਮਾਮਲੇ ਘੱਟ ਰਹੇ ਹਨ ਪਰ ਆਕਸੀਜਨ ਲੈਵਲ ਦੇ ਕੇਸ ਵੱਧ ਰਹੇ ਹਨ’।

ਕੈਪਟਨ ਨੇ ਕਿਹਾ ਕਿ ‘ਮੈਂ 14 ਮਹੀਨਿਆਂ ਤੋਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਆ ਰਿਹਾ ਹਾਂ ਕਿ ਸਾਵਧਾਨੀਆਂ ਵਰਤ ਕੇ ਆਪਣੇ ਪਰਿਵਾਰ ਨੂੰ, ਗੁਆਂਢ ਨੂੰ, ਰਿਸ਼ਤੇਦਾਰਾਂ ਨੂੰ, ਆਪਣਾ ਪਿੰਡ ਬਚਾਉ। ਪਹਿਲਾਂ ਸ਼ਹਿਰਾਂ ਵਿੱਚ ਕੇਸ ਜ਼ਿਆਦਾ ਵੱਧ ਰਹੇ ਸਨ ਪਰ ਹੁਣ ਸ਼ਹਿਰਾਂ ਵਿੱਚ ਕੰਟਰੋਲ ਹੋ ਰਿਹਾ ਹੈ ਅਤੇ ਪਿੰਡਾਂ ਵਿੱਚ ਕਰੋਨਾ ਕੇਸ ਵੱਧ ਰਹੇ ਹਨ। ਸ਼ਹਿਰਾਂ ਤੋਂ ਘੱਟ ਕੇ ਪਿੰਡਾਂ ਵਿੱਚ ਇਸਦਾ ਰੁਝਾਨ ਵੱਧ ਰਿਹਾ ਹੈ। ਸਾਡਾ ਦੁਸ਼ਮਣ ਸਾਰੇ ਪਾਸੇ ਘੁੰਮ ਰਿਹਾ ਹੈ, ਜਿਸਨੂੰ ਅਸੀਂ ਵੇਖ ਨਹੀਂ ਸਕਦੇ’।

Exit mobile version