The Khalas Tv Blog Punjab ਕੈਪਟਨ ਨੇ ਫਿਰ ਮਾਰੀ ਕਾਂਗਰਸ ਅੱਗੇ ਬੜ੍ਹਕ, ਹੁਣ ਦੇਖੋ ਕੀ ਬਣਦਾ
Punjab

ਕੈਪਟਨ ਨੇ ਫਿਰ ਮਾਰੀ ਕਾਂਗਰਸ ਅੱਗੇ ਬੜ੍ਹਕ, ਹੁਣ ਦੇਖੋ ਕੀ ਬਣਦਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਨਿਸ਼ਾਨੇ ਕਦੇ ਕਾਂਗਰਸ ਪਾਰਟੀ ਤੇ ਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਬਰਾਬਰ ਲੱਗ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰੂਪ ਵਿੱਚ ਬਣੀ ਨਵੀਂ ਸਰਕਾਰ ਨੂੰ ਵੀ ਕਈ ਵਾਰ ਨਿਸ਼ਾਨੇ ਉੱਤੇ ਲਿਆ ਹੈ। ਪਰ ਹੁਣ ਉਨ੍ਹਾਂ ਨੇ ਕਾਂਗਰਸ ਦੇ ਬੁਲਾਰੇ ਸੁਪਰੀਆ ਸ਼੍ਰੀਨੇਟ ਦੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਵੱਲੋਂ ਕੈਪਟਨ ਦੇ ਸੁਭਾਅ ਉੱਤੇ ਕੀਤੀ ਟਿੱਪਣੀ ਦਾ ਮੋੜਵਾਂ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਸੁਪਰੀਆ ਨੇ ਪ੍ਰੈੱਸ ਕਾਨਫਰੰਸ ਵਿੱਚ ਕੋਰਨਾ ਕਾਲ ਵਿੱਚ ਮੋਦੀ ਸਰਕਾਰ ਦੀ ਕਾਰਗੁਜਾਰੀ ਤੇ ਸੁਪਰੀਮ ਕੋਰਟ ਵੱਲੋਂ ਝਾੜਝੰਭ ਹੋਣ ਤੋਂ ਮਗਰੋਂ ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੂੰ ਸਿਰਫ 50 ਹਜ਼ਾਰ ਰੁਪਏ ਮੁਆਵਜਾ ਦੇਣ ਦੇ ਮੁੱਦੇ ਉੱਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁੱਦੇ ਉੱਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸ਼ਾਇਦ ਮੇਰੇ ਪਿਤਾ ਜੀ ਦੀ ਉਮਰ ਦੇ ਹੋਣਗੇ। ਕਈ ਵਾਰ ਬਜੁਰਗ ਗੁੱਸੇ ਵਿੱਚ ਬੜਾ ਕੁੱਝ ਕਹਿ ਜਾਂਦੇ ਹਨ।

ਕੈਪਟਨ ਦੀ ਉਮਰ ਤੇ ਤਜੁਰਬੇ ਦਾਂ ਅਸੀਂ (ਕਾਂਗਰਸ) ਸਨਮਾਨ ਕਰਦੇ ਹਾਂ, ਪਰ ਉਨ੍ਹਾਂ ਨੂੰ ਆਪਣਾ ਗੁੱਸੇ ਵਿਚ ਲਿਆ ਫੈਸਲਾ ਮੁੜ ਵਿਚਾਰਨਾ ਚਾਹੀਦਾ ਹੈ। ਸੁਪਰੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਰਾਜਨੀਤੀ ਵਿੱਚ ਗੁੱਸੇ, ਨਫਰਤ, ਈਰਖਾ ਤੇ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਬਦਲਾਖੋਰੀ ਦੀ ਨੀਤੀ ਲਈ ਕੋਈ ਥਾਂ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਕੈਪਟਨ ਦਾ ਗੁੱਸਾ ਥੋੜ੍ਹੇ ਸਮੇਂ ਲਈ ਹੈ ਤੇ ਉਹ ਇਸ ਉੱਤੇ ਮੁੜ ਵਿਚਾਰ ਕਰਨਗੇ।

ਇਸ ਟਿੱਪਣੀ ਦਾ ਮੋੜਵਾਂ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਂ ਇਹ ਠੀਕ ਹੈ ਕਿ ਇੱਥੇ ਰਾਜਨੀਤੀ ਵਿੱਚ ਗੁਸੇ ਲਈ ਕੋਈ ਥਾਂ ਨਹੀਂ, ਪਰ ਕੀ ਕੌਮ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਵਿਚ ਹੱਤਕ ਤੇ ਬੇਇਜਤੀ ਲਈ ਕੋਈ ਥਾਂ ਹੈ? ਜੇਕਰ ਮੇਰੇ ਵਰਗੇ ਸੀਨੀਅਰ ਪਾਰਟੀ ਲੀਡਰ ਨਾਲ ਇਸ ਤਰ੍ਹਾਂ ਦਾ ਵਰਤਾਓ ਹੋਵੇਗਾ, ਮੈਂ ਹੈਰਾਨ ਹਾਂ ਕਿ ਵਰਕਰਾਂ ਨਾਲ ਕਿਸ ਤਰ੍ਹਾ ਹੋਵੇਗਾ।

ਜ਼ਿਕਰਯੋਗ ਹੈ ਕਿ ਕੈਪਟਨ ਨੇ ਬੀਤੇ ਦਿਨੀਂ ਵੀ ਧੜਾਧੜ ਟਵੀਟ ਕਰਕੇ ਕਾਂਗਰਸ ਪਾਰਟੀ, ਨਵਜੋਤ ਸਿੰਘ ਸਿੱਧੂ ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨੂੰ ਨਿਸ਼ਾਨੇ ਉੱਤੇ ਲਿਆ ਸੀ। ਕੈਪਟਨ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਸਾਲ 2022 ਦੀਆਂ ਚੋਣਾਂ ਵਿਚ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਉਹ ਹਰੇਕ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ ਤੇ ਜੇ ਪਾਰਟੀ ਸਿੱਧੂ ਨੂੰ ਸੀਐੱਮ ਚਿਹਰਾ ਬਣਾਉਂਦੀ ਹੈ, ਤਾਂ ਸਿੱਧੂ ਖਿਲਾਫ ਤਕੜੇ ਉਮੀਦਰਵਾਰ ਨੂੰ ਸਾਹਮਣੇ ਲਿਆਉਣਗੇ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਮੈਂ ਜਿੱਤ ਕੇ ਤਾਂ ਬੇਸ਼ੱਕ ਰਾਜਨੀਤੀ ਛੱਡ ਦਿੰਦਾ ਪਰ ਇਸ ਤਰ੍ਹਾਂ ਹਾਰ ਕੇ ਨਹੀਂ। ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਮੇਰੇ ਬੱਚਿਆਂ ਵਰਗੇ ਹਨ ਤੇ ਉਹ ਸਿਆਸੀ ਸਮਝ ਤੋਂ ਬਿਲਕੁਲ ਕੋਰੇ ਹਨ। ਉਨ੍ਹਾਂ ਦੇ ਸਲਾਹਕਾਰ ਹੀ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

Exit mobile version