The Khalas Tv Blog Khalas Tv Special ਜੇਲ੍ਹਾਂ ‘ਚ ਬੈਠੇ ਪੰਜਾਬ ਦੇ ਕਿਹੜੇ ਉਮੀਦਵਾਰ ਅੱਜ ਤੱਕ ਚੋਣ ਲੜੇ ਅਤੇ ਜਿੱਤੇ, ਖ਼ਾਸ ਰਿਪੋਰਟ
Khalas Tv Special Lok Sabha Election 2024 Punjab

ਜੇਲ੍ਹਾਂ ‘ਚ ਬੈਠੇ ਪੰਜਾਬ ਦੇ ਕਿਹੜੇ ਉਮੀਦਵਾਰ ਅੱਜ ਤੱਕ ਚੋਣ ਲੜੇ ਅਤੇ ਜਿੱਤੇ, ਖ਼ਾਸ ਰਿਪੋਰਟ

ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਅਤੇ 1 ਜੂਨ ਨੂੰ ਵੋਟਿੰਗ ਹੋਵੇਗੀ, ਜਿਸ ਦਾ ਨਤੀਜਾ 4 ਜੂਨ ਨੂੰ ਆਵੇਗਾ। ਇਸ ਵਾਰ ਦੀ ਚੋਣ ਪਹਿਲੀਆਂ ਚੋਣਾਂ ਨਾਲੋਂ ਅਲੱਗ ਹੈ ਕਿਉਂਕਿ ਇਸ ਵਾਰ ਪੰਥਕ ਸੀਟ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਪੂਰੇ ਦੇਸ਼ ਦੀਆਂ ਨਜ਼ਰਾਂ ਖਡੂਰ ਸਾਹਿਬ ‘ਤੇ ਲੱਗੀਆਂ ਹੋਇਆਂ ਹਨ। ਅੰਮ੍ਰਿਤਪਾਲ ਸਿੰਘ ਨੂੰ ਐਨਐਸਏ (NSA) ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਅੰਮ੍ਰਿਤਪਾਲ ਜੇਲ੍ਹ ਵਿੱਚੋਂ ਹੀ ਚੋਣ ਲੜ ਰਹੇ ਹਨ। ਦਾ ਖ਼ਾਲਸ ਟੀਵੀ ਦੀ ਇਸ ਖ਼ਾਸ ਰਿਪੋਰਟ ਵਿੱਚ ਅਸੀਂ ਤਹਾਨੂੰ ਦੱਸਾਗੇ ਕਿ ਪੰਜਾਬ ਦੇ ਹੁਣ ਤੱਕ ਕਿੰਨੇ ਲੋਕਾਂ ਵੱਲੋਂ ਜੇਲ੍ਹ ਵਿੱਚੋਂ ਚੋਣ ਲੜੀ ਗਈ ਹੈ।

ਲੋਕ ਸਭਾ ਜਿੱਤਣ ਵਾਲੇ ਉਮੀਦਵਾਰ
  •  ਸਿਮਰਨਜੀਤ ਸਿੰਘ ਮਾਨ

ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਖੁੱਲ੍ਹ ਕੇ ਖ਼ਾਲਿਸਤਾਨ ਦਾ ਸਮਰਥਨ ਕਰਦੀ ਹੈ। ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐੱਸ ਅਫਸਰ ਹਨ। ਮਾਨ ਨੇ 1984 ਦੇ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹੋਏ ਹਮਲੇ ਦੇ ਰੋਸ ਵਜੋਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਉਹ 1984 ਤੋਂ ਲੈ ਕੇ 1989 ਤੱਕ ਜੇਲ੍ਹ ਵਿੱਚ ਰਹੇ ਹਨ। ਉਨ੍ਹਾਂ ਨੇ ਜੇਲ੍ਹ ਵਿੱਚ ਰਹਿ ਕੇ ਹੀ 1989 ਵਿੱਚ ਲੋਕ ਸਭਾ ਦੀ ਚੋਣ ਹਲਕਾ ਤਰਨ ਤਾਰਨ (ਜੋ ਹੁਣ ਖਡੂਰ ਸਾਹਿਬ ਹੈ) ਤੋਂ ਚੋਣ ਲੜੀ ਸੀ ਅਤੇ ਸਾਢੇ 4 ਲੱਖ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ।

  • ਅਤਿੰਦਰਪਾਲ ਸਿੰਘ

ਅਤਿੰਦਰਪਾਲ ਸਿੰਘ ਪੰਜਾਬ ਵਿੱਚ ਇਕ ਵੱਡਾ ਨਾਮ ਹੈ। ਉਹ ਸਿਮਨਰਜੀਤ ਸਿੰਘ ਦੇ ਨਾਲ ਹੀ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਜਿੱਤੇ ਸਨ। ਅਤਿੰਦਰਪਾਲ ਵੀ ਉਸ ਸਮੇਂ ਜੇਲ੍ਹ ਵਿੱਚ ਬੰਦ ਸਨ। ਅਤਿੰਦਰਪਾਲ ਸਿੰਘ ਇਸ ਸਮੇਂ ਸਿਆਸਤ ਵਿੱਚ ਨਹੀਂ ਹਨ ਪਰ ਉਹ ਸੋਸ਼ਲ ਮੀਡੀਆਂ ਉੱਤੇ ਵਲੌਗਰ ਹਨ। ਉਹ ਪੰਥਕ ਮੁੱਦਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਦੱਸ ਦੇਈਏ ਕਿ 1989 ਵਿੱਚ ਮਾਨ ਦਲ ਦੇ ਕਈ ਉਮੀਦਵਾਰ ਚੋਣ ਜਿੱਤ ਗਏ ਸਨ, ਜਿਨ੍ਹਾਂ ਵਿੱਚੋਂ ਅਤਿੰਦਰਪਾਲ ਸਿੰਘ ਵੀ ਇਕ ਸਨ। ਉਹ 1989 ਤੋਂ ਲੈ ਕੇ 1991 ਤੱਕ ਲੋਕ ਸਭਾ ਮੈਂਬਰ ਰਹੇ।

ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਉਮੀਦਵਾਰ
  • ਧਰਮ ਸਿੰਘ ਫੱਕਰ

ਧਰਮ ਸਿੰਘ ਫੱਕਰ ਦਾ ਪਿਛੋਕੜ ਪਿੰਡ ਦਲੇਲਵਾਲਾ ਜ਼ਿਲ੍ਹਾ ਮਾਨਸਾ ਨਾਲ ਹੈ। ਉਹ ਅੱਤ ਦੀ ਗਰੀਬੀ ਕਾਰਨ ਵਿਦੇਸ਼ ਇਰਾਕ ਵਿੱਚ ਚਲੇ ਗਏ ਸਨ। 1919 ਦੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਨੇ ਉਨ੍ਹਾਂ ਨੂੰ ਝਿਜੋੜ ਕੇ ਰੱਖ ਦਿੱਤਾ, ਜਿਸ ਕਾਰਨ ਉਹ ਪੰਜਾਬ ਆ ਕੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ। ਆਜ਼ਾਦੀ ਤੋਂ ਬਾਅਦ ਧਰਸ ਸਿੰਘ ਫੱਕਰ ਕਿਸਾਨ ਸਭਾ ਦੇ ਸੰਘਰਸ਼ਾ ਵਿੱਚ ਹਿੱਸਾ ਲੈਣ ਲੱਗੇ। ਜਿਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ 1954 ਵਿੱਚ ਹੀ ਬੁਢਲਾਡਾ ਹਲਕੇ ਤੋਂ ਜ਼ਿਮਨੀ ਚੋਣ ਆ ਗਈ ਅਤੇ ਕਾਮਰੇਡ ਧਰਮ ਸਿੰਘ ਫੱਕਰ ਨੂੰ ਹਲਕਾ ਬੁਢਲਾਡਾ ਤੋਂ ਜੇਲ੍ਹ ਵਿਚ ਬੈਠਿਆਂ ਹੀ ਅਸੈਂਬਲੀ ਮੈਂਬਰ ਚੁਣਿਆ ਗਿਆ। ਧਰਮ ਸਿੰਘ ਫੱਕਰ 1957 ਵਿੱਚ ਵੀ ਅਸੈਂਬਲੀ ਮੈਂਬਰ ਚੁਣੇ ਗਏ ਸਨ।

 

  •  ਕਾਮਰੇਡ ਜਗੀਰ ਸਿੰਘ ਜੋਗਾ

1954 ਵਿੱਚ ਜਗੀਰ ਸਿੰਘ ਮੁਜਾਰਾ ਲਹਿਰ ਦੇ ਧੜੱਲੇਦਾਰ ਆਗੂ ਸਨ, ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਹੀ 1954 ਦੀਆਂ ਵਿਧਾਨ ਸਭਾ ਚੋਣਾ ਦਾ ਐਲਾਨ ਹੋ ਗਿਆ। ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਾਲੀ ਲਾਲ ਪਾਰਟੀ (ਕਮਿਊਨਿਸੱਟ) ਨੇ ਉਹਨਾਂ ਨੂੰ ਮਾਨਸਾ ਹਲਕੇ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾ ਦਿੱਤਾ। ਲੋਕਾਂ ਨੇ ਜੇਲ੍ਹ ਵਿੱਚ ਬੈਠੇ ਕਾਮਰੇਡ ਜੋਗਾ ਜੀ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹ ਤਿੰਨ ਵਾਰ ਫੇਰ (1962, 1967 ਅਤੇ 1972) ਵਿੱਚ ਮਾਨਸਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।

  •  ਕਾਮਰੇਡ ਵਧਾਵਾ ਰਾਮ

ਵਧਾਵਾ ਰਾਮ ਦਾ ਜਨਮ 15 ਅਗਸਤ 1917 ਨੂੰ  ਪਿੰਡ ਮੱਲ ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ ਵਿੱਚ ਹੋਇਆ। ਵਧਾਵਾ ਰਾਮ ਇਕ ਗਰੀਬ ਕਿਸਾਨੀ ਪਰਿਵਾਰ ਤੋਂ ਸੀ। ਪਰਿਵਾਰਕ ਹਾਲਾਤਾਂ ਕਾਰਨ ਉਹ 10 ਵੀਂ ਜਮਾਤ ਤੋਂ ਵੱਧ ਦੀ ਪੜ੍ਹਾਈ ਨਹੀਂ ਕਰ ਸਕੇ। ਉਹ ਆਜ਼ਾਦੀ ਸੰਗਰਾਮੀਏ ਅਤੇ ਮੁਜਾਰਾ ਲਹਿਰ ਦੇ ਵੱਡੇ ਆਗੂ ਸਨ। ਵਧਾਵਾ ਰਾਮ ਨੂੰ ਅਜ਼ਾਦੀ ਤੋਂ ਪਹਿਲਾਂ ਕਈ ਵਾਰ ਗ੍ਰਿਫ਼ਤਾਰ ਅਤੇ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਨੂੰ 20 ਅਪ੍ਰੈਲ 1950 ਕਿਸੇ ਕਾਰਨ ਕਰਕੇ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਦ੍ਰਿੜ ਸੰਘਰਸ਼ ਕਰਦਿਆਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। 1952 ਦੀ ਚੋਣਾਂ ਸਮੇਂ ਉਹ ਜੇਲ੍ਹ ਵਿੱਚ ਸਨ ਅਤੇ ਉਨ੍ਹਾਂ ਨੇ ਫਾਜਿਲਕਾ ਤੋਂ ਚੋਣ ਲੜੇ ਸਨ ਅਤੇ ਜਿੱਤ ਹਾਸਲ ਕੀਤੀ ਸੀ। ਵਧਾਵਾ ਰਾਮ ਨੇ ਇਹ ਚੋਣ ਲਾਲ ਪਾਰਟੀ ਵੱਲੋਂ ਲੜੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਮਰੇਡ ਕਿਹਾ ਜਾਂਦਾ ਹੈ।

1947 ਤੋਂ ਪਹਿਲਾ ਜੇਲ੍ਹ ਵਿੱਚ ਰਹਿ ਕੇ ਬਣੇ ਵਿਧਾਇਕ
ਤੇਜਾ ਸਿੰਘ ਸੁਤੰਤਰ

ਤੇਜਾ ਸਿੰਘ ਸੁਤੰਤਰ ਦਾ ਜਨਮ 16 ਜੁਲਾਈ 1901 ਈਸਵੀ ਨੂੰ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਸਮੁੰਦ ਸਿੰਘ ਸੀ। ਉਨ੍ਹਾਂ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉੱਪਰੰਤ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ ਵਾਪਰਨ ਕਾਰਨ ਉਹਨਾਂ ਨੂੰ ਕਾਲਜ ਛੱਡਣਾ ਪਿਆ। ਫਿਰ ਉਹ ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਕੁੱਦ ਪਏ। ਉਨ੍ਹਾਂ ਨੂੰ 10 ਜਨਵਰੀ 1936 ਵਿੱਚ ਕਾਮਰੇਡ ਸੋਮਨਾਥ ਲਹਿਰੀ ਤੇ ਇਕਬਾਲ ਸਿੰਘ ਹੁੰਦਲ ਸਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੈਂਬਲਪੁਰ ਜ਼ੇਲ੍ਹ ਵਿੱਚ 6 ਸਾਲ ਲਈ ਕੈਦ ਕਰ ਦਿੱਤਾ ਗਿਆ। ਸੁਤੰਤਰ ਨੂੰ 1937 ਵਿੱਚ ਕੈਦ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣ ਲਿਆ ਗਿਆ ਸੀ।

ਜੇਲ੍ਹ ਵਿੱਚ ਬੈਠ ਕੇ ਦੋ ਉਮੀਦਵਾਰ ਲੜ ਰਹੇ 2024 ਦੀ ਲੋਕ ਸਭਾ ਚੋਣ

ਪੰਜਾਬ ਦੀਆਂ ਲੋਕ ਸਭਾ ਚੋਣਾਂ 2024 ਵਿੱਚ ਇੱਕ ਉਮੀਦਵਾਰ ਜੇਲ੍ਹ ਵਿੱਚ ਬੈਠ ਕੇ ਚੋਣ ਨਹੀਂ ਲੜ ਰਿਹਾ ਹੈ ਬਲਕਿ ਦੋ ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ। ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਮੁੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜੀ ਜਾ ਰਹੀ ਹੈ, ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਸੰਨੀ ਵੱਲੋਂ ਚੋਣ ਲੜੀ ਜਾ ਰਹੀ ਹੈ। ਸੰਨੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬਕਾਇਦਾ ਤੌਰ ‘ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ।

  • ਕੈਣ ਹੈ ਸੰਦੀਪ ਸਿੰਘ ਸੰਨੀ

ਸੰਦੀਪ ਸਿੰਘ ਸੰਨੀ ਅੰਮ੍ਰਿਤਸਰ ਸਹਿਰ ਦਾ ਨਿਵਾਸੀ ਹੈ। ਉਹ ਸਾਬਤ ਸੂਰਤ ਸਿੱਖ ਹੈ। ਉਸ ਵੱਲ਼ੋਂ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਧਰਨਾ ਦੇ ਰਹੇ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਦੱਸ ਦੇਈਏ ਕਿ ਸੁਧੀਰ ਸੂਰੀ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹਿੰਦੇ ਸਨ। ਸੂਰੀ ਦਾ ਕਤਲ ਕਰਨ ਤੋਂ ਬਾਅਦ ਪੁਲਿਸ ਨੇ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਹੈ।

  • ਅੰਮ੍ਰਿਤਪਾਲ ਸਿੰਘ 

ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਹੈ। ਅੰਮ੍ਰਿਤਪਾਲ ਸਿੰਘ ਸਿੱਖੀ ਸਰੂਪ ਵਿੱਚ ਆਉਣ ਤੋਂ ਪਹਿਲਾ ਸਹਿਜਧਾਰੀ ਸਿੱਖ ਸੀ। ਫਿਲਮ ਅਦਾਕਾਰ ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਉਸ ਨੂੰ ਵਾਰਿਸ ਪੰਜਾਬ ਜਥੇਬੰਦੀ ਦਾ ਮੁੱਖੀ ਬਣਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ ਸਿੰਘ ਵੱਲੋਂ ਖ਼ਾਲਿਸਤਾਨ ਦੀ ਹਿਮਾਇਤ ਕੀਤੀ ਜਾਂਦੀ ਰਹੀ ਹੈ। ਉਸ ਨੂੰ ਅੰਮ੍ਰਿਤਸਰ ਦੇ ਥਾਣਾ ਅਜਨਾਲਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨਾਲ ਜਾਣ ਕਾਰਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਐਨਐਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੈ।

ਕੀ ਜੇਲ੍ਹ ਵਿੱਚੋਂ ਚੋਣ ਲੜੀ ਜਾ ਸਕਦੀ ਹੈ?

ਰੀਪਰਜ਼ੈਂਟੇਸ਼ਨ ਆਫ ਦਿ ਪੀਪਲ ਐਕਟ-1951 ਦਾ ਸੈਕਸ਼ਨ 8 ਮੁਤਾਬਕ ਜੇਕਰ ਕੋਈ ਵੀ ਵਿਅਕਤੀ ਜੇਲ੍ਹ ਵਿੱਚ ਹੋਵੇ ਭਾਵੇਂ ਉਸ ‘ਤੇ ਮਾਮਲਾ ਵੀ ਦਰਜ ਹੋਵੇ ਪਰ ਉਸ ਨੂੰ ਦੋ ਸਾਲ ਦੀ ਸਜ਼ਾ ਨਹੀਂ ਹੋਈ ਤਾਂ ਉਹ ਚੋਣ ਲੜਨ ਦਾ ਹੱਕਦਾਰ ਹੈ। ਕਾਨੂੰਨ ਉਸ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ।

Exit mobile version