The Khalas Tv Blog International ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਫ੍ਰੀ
International

ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਫ੍ਰੀ

ਕੈਨੇਡਾ ਵਿਚ ਮਹਿੰਗਾਈ ਨਾਲ ਜੂਝ ਰਹੇ ਪਰਵਾਰਾਂ ਦੀ ਮਦਦ ਵਾਸਤੇ ਪਹਿਲਾ ਗਰੌਸਰੀ ਸਟੋਰ ਖੋਲ੍ਹਿਆ ਜਾ ਰਿਹਾ ਹੈ ਜਿਥੇ ਹਰ ਚੀਜ਼ ਬਿਲਕੁਲ ਮੁਫ਼ਤ ਮਿਲੇਗੀ | ਜੀ ਹਾਂ, ਰੈਜੀਨਾ ਫੂਡ ਬੈਂਕ ਦੇ ਵਿਲੱਖਣ ਉਪਰਾਲੇ ਤਹਿਤ ਗਰੌਸਰੀ ਸਟੋਰ ਵਿਚ ਹਰ ਉਹ ਚੀਜ਼ ਮਿਲੇਗੀ ਜੋ ਇਕ ਪਰਵਾਰ ਨੂੰ ਗੁਜ਼ਾਰਾ ਕਰਨ ਵਾਸਤੇ ਲੋੜੀਂਦੀ ਹੈ| ਇਹ ਬਿਲਕੁਲ ਸਾਧਾਰਣ ਗਰੌਸਰੀ ਸਟੋਰਾਂ ਵਾਂਗ ਹੋਵੇਗਾ ਪਰ ਫ਼ਰਕ ਸਿਰਫ ਐਨਾ ਹੈ ਕਿ ਸਟੋਰ ਵਿਚ ਆਉਣ ਵਾਲਿਆਂ ਨੂੰ ਕੋਈ ਬਿਲ ਅਦਾ ਨਹੀਂ ਕਰਨਾ ਪਵੇਗਾ।

ਕੋਰੋਨਾ ਮਗਰੋਂ ਪੂਰੇ ਮੁਲਕ ਵਿਚ ਫ਼ੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ  ਇਕੱਲੇ ਰੈਜੀਨਾ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਗਿਣਤੀ 25 ਫ਼ੀਸਦੀ ਵਧ ਗਈ।

ਸ਼ਹਿਰ ਦੇ ਹਰ ਅੱਠ ਪਰਿਵਾਰਾਂ ਵਿਚੋਂ ਇਕ ਅਤੇ ਚਾਰ ਬੱਚਿਆਂ ਵਿਚੋਂ ਇਕ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਰੈਜੀਨਾ ਫ਼ੂਡ ਬੈਂਕ ਵਿਚ ਹਰ ਮਹੀਨੇ ਤਕਰੀਬਨ 16 ਹਜ਼ਾਰ ਲੋਕ ਆਉਂਦੇ ਹਨ, ਜਿਸ ਦੇ ਮੱਦੇਨਜਰ ਇਕ ਰਵਾਇਤੀ ਗਰੌਸਰੀ ਸਟੋਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਮੁਫ਼ਤ ਰਾਸ਼ਨ ਵਾਲਾ ਸਟੋਰ ਉਸ ਇਮਾਰਤ ਵਿਚ ਖੋਲ੍ਹਿਆ ਜਾ ਰਿਹਾ ਹੈ ਜਿੱਥੇ ਕਿਸੇ ਵੇਲੇ ਸ਼ਰਾਬ ਦਾ ਠੇਕਾ ਹੁੰਦਾ ਸੀ।

ਰੈਜੀਨਾ ਫ਼ੂਡ ਬੈਂਕ ਦੇ ਮੀਤ ਪ੍ਰਧਾਨ ਡੇਵਿਡ ਫਰੋਹ ਨੇ ਕਿਹਾ ਕਿ ਹਰ ਪਰਿਵਾਰ ਦੀਆਂ ਜ਼ਰੂਰਤਾਂ ਵੱਖੋ-ਵੱਖਰੀਆਂ ਹੁੰਦੀਆਂ ਹਨ ਅਤੇ ਫ਼ੂਡ ਬੈਂਕ ਵਿਚ ਜ਼ਿਆਦਾ ਬਦਲ ਮੌਜੂਦ ਨਹੀਂ ਹੁੰਦੇ। ਇਸ ਤਰੀਕੇ ਨਾਲ 25 ਫ਼ੀ ਸਦੀ ਵਧ ਲੋਕਾਂ ਦਾ ਢਿੱਡ ਭਰਿਆ ਜਾ ਸਕੇਗਾ। ਮੁਫ਼ਤ ਗਰੌਸਰੀ ਸਟੋਰ ਖੋਲ੍ਹਣ ਦੀ ਪ੍ਰਕਿਰਿਆ ਦੌਰਾਨ ਜੌਨ ਵਾਈਟ ਦੇ ਸੁਝਾਅ ਵੀ ਲਏ ਗਏ। ਉਸ ਨੇ ਦਸਿਆ ਕਿ ਇਕੱਲਾ ਹੋਣ ਕਾਰਨ ਉਹ ਜਲਦ ਤਿਆਰ ਹੋਣ ਵਾਲੀਆਂ ਖੁਰਾਕੀ ਵਸਤਾਂ ਨੂੰ ਤਰਜੀਹ ਦਿੰਦਾ ਹੈ ਜਦਕਿ ਬੱਚਿਆਂ ਵਾਲੇ ਇਕ ਪਰਵਾਰ ਨੂੰ ਮੀਟ ਅਤੇ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ।

ਦੱਸਣਯੋਗ ਹੈ ਕਿ ਗਰੌਸਰੀ ਸਟੋਰ ਲਈ 7.5 ਲੱਖ ਡਾਲਰ ਵਿਚ ਸੂਬਾ ਸਰਕਾਰ ਤੋਂ ਇਮਾਰਤ ਖਰੀਦੀ ਗਈ ਅਤੇ ਇਸ ਲਈ 2 ਲੱਖ 20 ਹਜ਼ਾਰ ਦਾ ਕਰਜ਼ਾ ਲੈਣਾ ਪਿਆ ਜੋ ਸੰਭਾਵਤ ਤੌਰ ’ਤੇ ਸਰਕਾਰ ਮੁਆਫ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਦਾਨ ਮਿਲ ਰਿਹਾ ਹੈ ਜਿਸ ਰਾਹੀਂ ਗਰੌਸਰੀ ਸਟੋਰ ਚਲਾਉਣਾ ਮੁਸ਼ਕਲ ਨਹੀਂ ਹੋਵੇਗਾ।

ਇਕ ਪਰਿਵਾਰ ਤਕਰੀਬਨ 200 ਡਾਲਰ ਮੁੱਲ ਦੀਆਂ ਖੁਰਾਕੀ ਵਸਤਾਂ ਸਟੋਰ ਤੋਂ ਲਿਜਾ ਸਕੇਗਾ। ਸਟੋਰ ਵਿਚ ਮੁਹੱਈਆ ਕਰਵਾਏ ਜਾਣ ਵਾਲੇ ਅੱਧੇ ਉਤਪਾਦ ਸਸਕੈਚਵਾਨ ਤੋਂ ਆਉਣਗੇ ਜਿਨ੍ਹਾਂ ਵਿਚ ਕੈਨੋਲਾ ਤੇਲ, ਦਾਲਾਂ, ਫਲ, ਸਬਜ਼ੀਆਂ ਅਤੇ ਆਂਡੇ ਆਦਿ ਸ਼ਾਮਲ ਹੋਣਗੇ। ਡੇਵਿਡ ਫਰੋਹ ਮੁਤਾਬਕ ਤਕਰੀਬਨ 200 ਪਰਵਾਰਾਂ ਨੂੰ ਰੋਜ਼ਾਨਾ ਰਾਸ਼ਨ ਮੁਹਈਆ ਕਰਵਾਇਆ ਜਾ ਸਕੇਗਾ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਆਮਦਨ ਅਤੇ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਮੁਹਈਆ ਕਰਵਾਉਣੀ ਹੋਵੇਗੀ।

 

Exit mobile version