The Khalas Tv Blog India ਚੰਡੀਗੜ੍ਹ ਤੇ ਦਿੱਲੀ ਵਿੱਚ ਆਪਣੀ ਵੀਜ਼ਾ ਸਮਰੱਥਾ ਨੂੰ ਵਧਾਏਗਾ ਕੈਨੈਡਾ
India International

ਚੰਡੀਗੜ੍ਹ ਤੇ ਦਿੱਲੀ ਵਿੱਚ ਆਪਣੀ ਵੀਜ਼ਾ ਸਮਰੱਥਾ ਨੂੰ ਵਧਾਏਗਾ ਕੈਨੈਡਾ

ਦਿੱਲੀ : ਕੈਨੇਡਾ ਨੇ ਆਪਣੀ ਨਵੀਂ ਹਿੰਦ-ਪ੍ਰਸ਼ਾਂਤ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਤੇ ਉਸ ਵਿੱਚ ਭਾਰਤ ਦੀ ਭੂਮਿਕਾ ਬਾਰੇ ਵੱਡੀ ਟਿੱਪਣੀ ਕੀਤੀ ਹੈ । ਕੈਨੇਡਾ ਨੇ ਭਾਰਤ ਨੂੰ ਇਸ ਵਿੱਚ ਆਪਣਾ ਮਹੱਤਵਪੂਰਨ ਭਾਈਵਾਲ ਕਰਾਰ ਦਿੱਤਾ ਹੈ। ਇਸ ’ਚ ਜ਼ਿਆਦਾਤਰ ਧਿਆਨ ਵਪਾਰ ਤੇ ਆਵਾਸ ’ਤੇ ਕੇਂਦਰਿਤ ਕੀਤਾ ਗਿਆ ਹੈ।

ਇਸ ਲਈ ਅਪਣਾਈ ਗਈ ਰਣਨੀਤੀ ਦੇ ਹਿਸਾਬ ਨਾਲ ਰਣਨੀਤੀ ਹਾਲ ਦੀ ਘੜੀ ਭਾਵੇਂ ਮੁੱਢਲੇ ਪੱਧਰ ’ਤੇ ਵਪਾਰ ਸਮਝੌਤੇ ਦਾ ਸੱਦਾ ਦਿੱਤਾ ਗਿਆ ਹੈ ਪਰ ਇਹ ਅਗੇ ਜਾ ਕੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਵਿਚ ਬਦਲ ਸਕਦਾ ਹੈ।

ਕੈਨੇਡਾ ਲੋਕਾਂ ’ਤੇ ਕੇਂਦਰਤ ਗਤੀਵਿਧੀਆਂ ਵਿਚ ਜ਼ਿਆਦਾ ਨਿਵੇਸ਼ ਕਰੇਗਾ। ਨਵੀਂ ਦਿੱਲੀ, ਚੰਡੀਗੜ੍ਹ, ਇਸਲਾਮਾਬਾਦ ਤੇ ਮਨੀਲਾ ਵਿਚ ਵੀਜ਼ਾ ਜਾਰੀ ਕਰਨ ਦੀ ਸਮਰੱਥਾ ਵਧਾਉਣ ਦਾ ਐਲਾਨ ਸਰਕਾਰ ਨੇ ਕੀਤਾ ਹੈ ਤੇ ਇਸ ਲਈ ਸੱਤ ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼ ਇਥੇ ਕੀਤਾ ਜਾਵੇਗਾ।

ਕੈਨੇਡਾ ਨੇ ਕਿਹਾ ਹੈ ਕਿ, ‘ਇਸ ਖੇਤਰ ਵਿਚ ਲਏ ਜਾਣ ਵਾਲੇ ਫ਼ੈਸਲੇ ਪੀੜ੍ਹੀਆਂ ਤੱਕ ਕੈਨੇਡੀਅਨ ਨਾਗਰਿਕਾਂ ਨੂੰ ਪ੍ਰਭਾਵਿਤ ਕਰਨਗੇ, ਤੇ ਇਹ ਜ਼ਰੂਰੀ ਹੈ ਕਿ ਕੈਨੇਡਾ ਦੀ ਸ਼ਮੂਲੀਅਤ ਵੀ ਫ਼ੈਸਲਿਆਂ ’ਚ ਹੋਵੇ।’ ਇਸ ਰਣਨੀਤੀ ਵਿਚ ਹਾਲਾਂਕਿ ਰੱਖਿਆ ਤੇ ਸੁਰੱਖਿਆ ਭਾਈਵਾਲੀ ਦਾ ਕੋਈ ਜ਼ਿਕਰ ਨਹੀਂ ਹੈ। ਰਣਨੀਤੀ ਤਹਿਤ ਕੈਨੇਡਾ ਅਗਲੇ ਪੰਜ ਸਾਲਾਂ ਵਿਚ ਹਿੰਦ-ਪ੍ਰਸ਼ਾਂਤ ਖੇਤਰ ’ਚ ਦੋ ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ ਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਤਾਇਨਾਤ ਸਮੁੰਦਰੀ ਬੇੜਿਆਂ ਦੀ ਗਿਣਤੀ ਵੀ ਇਸ ਦੌਰਾਨ ਵਧਾਈ ਜਾਵੇਗੀ ਤੇ ਫ਼ੌਜੀ ਪੱਧਰ ਉਤੇ ਰਾਬਤਾ ਮਜ਼ਬੂਤ ਕੀਤਾ ਜਾਵੇਗਾ ਤੇ ਇੰਟੈਲੀਜੈਂਸ ਸਮਰੱਥਾ ਨੂੰ ਵੀ ਵਧਾਇਆ ਜਾਵੇਗਾ।

ਓਟਵਾ ਸਰਹੱਦੀ ਤੇ ਸਾਈਬਰ ਸੁਰੱਖਿਆ ਵਿਚ ਹੋਰ ਨਿਵੇਸ਼ ਕਰੇਗਾ। ਇਸ ਤੋਂ ਇਲਾਵਾ ਕੈਨੇਡਾ ਵੱਲੋਂ ਆਸਟਰੇਲੀਆ, ਅਮਰੀਕਾ, ਯੂਕੇ ਤੇ ਨਿਊਜ਼ੀਲੈਂਡ ਨਾਲ ਮਿਲ ਕੇ ਨਿਗਰਾਨੀ ਪ੍ਰੋਗਰਾਮ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਪੰਜ ਦੇਸ਼ਾਂ ਦਾ ਇਹ ਸਮੂਹ ਪੂਰਬੀ ਤੇ ਦੱਖਣੀ ਚੀਨ ਸਾਗਰਾਂ ਵਿਚ ਆਵਾਜਾਈ ਦੀ ਰਾਖੀ ਤੇ ‘ਓਵਰ-ਫਲਾਈਟ’ ਹੱਕਾਂ ਨੂੰ ਬਰਕਰਾਰ ਰੱਖਣ ਲਈ ਸਰਗਰਮ ਹੋਵੇਗਾ।

ਇਸ ਰਣਨੀਤੀ ਦੇ ਪੰਜ ਟੀਚੇ ਹਨ,ਜੋ ਜੁੜੇ ਹੋਏ ਹਨ। ਭਾਰਤ ਨੂੰ ਸ਼ਾਂਤੀ, ਸੁਰੱਖਿਆ ਤੇ ਹੋਰ ਪੱਖਾਂ’ ਤੋਂ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਬਾਕੀ ਚਾਰ ਨੁਕਤਿਆਂ ਜਿਨ੍ਹਾਂ ਵਿਚ ਵਾਤਾਵਰਨ, ਸਪਲਾਈ ਲੜੀਆਂ, ਲੋਕਾਂ ਵਿਚਾਲੇ ਰਾਬਤਾ ਤੇ ਵਪਾਰ ਸ਼ਾਮਲ ਹਨ,ਦੇ ਲਈ ਭਾਰਤ ਨੂੰ ਸ਼ਾਮਲ ਕੀਤਾ ਗਿਆ ਹੈ।

Exit mobile version