The Khalas Tv Blog International ਕੈਨੇਡਾ ਵੀ ਫਲਸਤੀਨ ਨੂੰ ਦੇਵੇਗਾ ਖ਼ੁਦਮੁਖਤਿਆਰ ਰਾਜ ਦੀ ਮਾਨਤਾ! ਬ੍ਰਿਟੇਨ ਅਤੇ ਫਰਾਂਸ ਮਗਰੋਂ ਲਿਆ ਫ਼ੈਸਲਾ
International

ਕੈਨੇਡਾ ਵੀ ਫਲਸਤੀਨ ਨੂੰ ਦੇਵੇਗਾ ਖ਼ੁਦਮੁਖਤਿਆਰ ਰਾਜ ਦੀ ਮਾਨਤਾ! ਬ੍ਰਿਟੇਨ ਅਤੇ ਫਰਾਂਸ ਮਗਰੋਂ ਲਿਆ ਫ਼ੈਸਲਾ

ਬਿਊਰੋ ਰਿਪੋਰਟ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਫਲਸਤੀਨ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਹਾਲ ਹੀ ਦੇ ਸਮੇਂ ਵਿੱਚ ਅਜਿਹਾ ਫੈਸਲਾ ਲੈਣ ਵਾਲਾ ਤੀਜਾ G7 ਦੇਸ਼ ਬਣ ਗਿਆ ਹੈ।

ਪਰ ਇਸ ਦੇ ਨਾਲ ਹੀ ਕਾਰਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਮਾਨਤਾ ਕੁਝ ਸ਼ਰਤਾਂ ’ਤੇ ਅਧਾਰਤ ਹੋਵੇਗੀ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਫਲਸਤੀਨੀ ਅਥਾਰਟੀ ਦੁਆਰਾ ਸ਼ਾਸਨ ਵਿੱਚ ਬੁਨਿਆਦੀ ਸੁਧਾਰ, ਸਾਲ 2026 ਵਿੱਚ ਹਮਾਸ ਤੋਂ ਬਿਨਾਂ ਪਾਰਦਰਸ਼ੀ ਆਮ ਚੋਣਾਂ ਕਰਵਾਉਣਾ ਅਤੇ ਫਲਸਤੀਨੀ ਖੇਤਰਾਂ ਦਾ ਗੈਰ-ਫੌਜੀਕਰਨ ਸ਼ਾਮਲ ਹਨ।

ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਲੰਬੇ ਸਮੇਂ ਤੋਂ ਦੋ-ਰਾਜੀ ਹੱਲ ਲਈ ਵਚਨਬੱਧ ਰਿਹਾ ਹੈ ਜਿਸ ਵਿੱਚ ਇੱਕ ਸੁਤੰਤਰ, ਵਿਵਹਾਰਕ ਅਤੇ ਪ੍ਰਭੂਸੱਤਾ ਸੰਪੰਨ ਫਲਸਤੀਨੀ ਰਾਜ ਇਜ਼ਰਾਈਲ ਨਾਲ ਸ਼ਾਂਤੀ ਅਤੇ ਸੁਰੱਖਿਆ ਵਿੱਚ ਸਹਿ-ਮੌਜੂਦ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਹ ਹੱਲ ਹੁਣ ਤੇਜ਼ੀ ਨਾਲ ਅਸਥਿਰ ਹੁੰਦਾ ਜਾ ਰਿਹਾ ਹੈ, ਖਾਸ ਕਰਕੇ ਹਮਾਸ ਹਿੰਸਾ, ਪੱਛਮੀ ਕੰਢੇ (West Bank) ਅਤੇ ਯਰੂਸ਼ਲਮ ਵਿੱਚ ਬਸਤੀਆਂ ਦੇ ਵਿਸਥਾਰ ਅਤੇ ਗਾਜ਼ਾ ਵਿੱਚ ਵਿਗੜਦੀ ਮਨੁੱਖੀ ਸਥਿਤੀ ਦੇ ਕਾਰਨ।

ਪ੍ਰਧਾਨ ਮੰਤਰੀ ਕਾਰਨੀ ਨੇ ਕੀ ਕਿਹਾ?

ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਮਾਸ ਨੂੰ 7 ਅਕਤੂਬਰ 2023 ਦੀ ਹਿੰਸਕ ਘਟਨਾ ਵਿੱਚ ਲਏ ਗਏ ਬੰਧਕਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਹਮਾਸ ਭਵਿੱਖ ਵਿੱਚ ਫਲਸਤੀਨ ਦੇ ਸ਼ਾਸਨ ਵਿੱਚ ਕੋਈ ਭੂਮਿਕਾ ਨਹੀਂ ਨਿਭਾਏਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਹਮੇਸ਼ਾ ਇਜ਼ਰਾਈਲ ਦੇ ਹੋਂਦ ਅਤੇ ਸੁਰੱਖਿਆ ਦੇ ਅਧਿਕਾਰ ਦਾ ਸਮਰਥਨ ਕਰੇਗਾ।

Exit mobile version