ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਆਨੰਦਪੁਰ ਸਾਹਿਬ ਵਿਖੇ ਵਿਸਾਖੀ ਮੇਲੇ ਤੋਂ ਵਾਪਸ ਆ ਰਹੀ ਇੱਕ ਬੱਸ 14 ਅਪ੍ਰੈਲ 2026 ਨੂੰ ਰਾਤ ਕਰੀਬ 10 ਵਜੇ ਪਲਟ ਗਈ। ਇਸ ਹਾਦਸੇ ਵਿੱਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 21 ਜ਼ਖਮੀ ਹੋ ਗਏ। ਬੱਸ ਵਿੱਚ ਕੁੱਲ 40 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਹ ਘਟਨਾ ਮੋਰਿੰਡਾ-ਚੁੰਨੀ ਰੋਡ ‘ਤੇ ਪਿੰਡ ਹਿੰਮਤਪੁਰਾ ਨੇੜੇ ਵਾਪਰੀ।
ਸਾਰੇ ਸ਼ਰਧਾਲੂ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਨੇੜੇ ਪਿੰਡ ਮੈਣ ਮਾਜਰੀ ਦੇ ਵਾਸੀ ਸਨ। ਉਹ ਵਿਸਾਖੀ ਮੇਲੇ ਤੋਂ ਘਰ ਵਾਪਸ ਆ ਰਹੇ ਸਨ। ਬੱਸ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਡਰਾਈਵਰ ਬੱਸ ਨੂੰ ਕੰਟਰੋਲ ਨਾ ਕਰ ਸਕਿਆ। ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਈ। ਯਾਤਰੀਆਂ ਅਨੁਸਾਰ ਪਲਟਣ ਤੋਂ ਬਾਅਦ ਬੱਸ ਵਿੱਚ ਕਰੰਟ ਵੀ ਲੱਗ ਗਿਆ, ਜਿਸ ਨਾਲ ਹਾਲਾਤ ਵਧੇਰੇ ਗੰਭੀਰ ਹੋ ਗਏ।
ਮ੍ਰਿਤਕਾਂ ਵਿੱਚ ਰਣਜੀਤ ਕੌਰ (ਪਤਨੀ ਬਲਜੀਤ ਸਿੰਘ), ਜਗਵਿੰਦਰ ਸਿੰਘ (ਪੁੱਤਰ ਜਰਨੈਲ ਸਿੰਘ), ਲਖਵੀਰ ਸਿੰਘ (ਪੁੱਤਰ ਚਰਮੇਲ ਸਿੰਘ), ਹਰਵੀਰ ਸਿੰਘ (ਪੁੱਤਰ ਚਰਮੇਲ ਸਿੰਘ), ਪਰਦੀਪ ਕੌਰ (ਪਤਨੀ ਗੁਰਸੇਵਕ ਸਿੰਘ) ਵਾਸੀ ਮੈਨ ਮਾਜਰੀ, ਗ੍ਰੰਥੀ ਇਕਬਾਲ ਸਿੰਘ ਅਤੇ ਪਿੰਡ ਕਜੱਲ ਮਾਜਰਾ ਵਾਸੀ ਕੁਲਵਿੰਦਰ ਸਿੰਘ ਸ਼ਾਮਲ ਹਨ।ਮ੍ਰਿਤਕਾਂ ਦੀਆਂ ਲਾਸ਼ਾਂ ਵੱਖ-ਵੱਖ ਹਸਪਤਾਲਾਂ ਦੇ ਮੁਰਦਾਘਰਾਂ ਵਿੱਚ ਰੱਖੀਆਂ ਗਈਆਂ ਹਨ। ਹਰਵੀਰ ਸਿੰਘ, ਪਰਦੀਪ ਕੌਰ ਅਤੇ ਕੁਲਵਿੰਦਰ ਸਿੰਘ ਦੀਆਂ ਲਾਸ਼ਾਂ ਮੋਰਿੰਡਾ ਵਿਖੇ, ਲਖਵੀਰ ਸਿੰਘ ਅਤੇ ਜਗਵਿੰਦਰ ਸਿੰਘ ਦੀਆਂ ਲਾਸ਼ਾਂ ਬੱਸੀ ਪਠਾਣਾ ਵਿਖੇ, ਇਕਬਾਲ ਸਿੰਘ ਗ੍ਰੰਥੀ ਦੀ ਲਾਸ਼ ਫਤਿਹਗੜ੍ਹ ਸਾਹਿਬ ਵਿਖੇ ਅਤੇ ਰਣਜੀਤ ਕੌਰ ਦੀ ਲਾਸ਼ ਪੀਜੀਆਈ ਚੰਡੀਗੜ੍ਹ ਵਿਖੇ ਰੱਖੀ ਗਈ ਹੈ।
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਬਚਾਅ ਕਾਰਜ ਵਿੱਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਰਾਤ ਦੀ ਰੋਟੀ ਖਾ ਕੇ ਘਰ ਵਾਪਸ ਆ ਰਹੇ ਸਨ, ਤਾਂ ਉਨ੍ਹਾਂ ਨੇ ਹਾਦਸਾ ਵਾਪਰਦਾ ਦੇਖਿਆ ਅਤੇ ਹੋਰ ਲੋਕਾਂ ਨੂੰ ਬੁਲਾ ਕੇ ਬਚਾਅ ਵਿੱਚ ਹਿੱਸਾ ਲਿਆ। ਐਂਬੂਲੈਂਸ ਦੇਰ ਨਾਲ ਪਹੁੰਚੀ।
ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਬਾਰ੍ਹਾਂ ਜ਼ਖਮੀਆਂ ਨੂੰ ਮੋਰਿੰਡਾ ਅਤੇ ਨੌਂ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਸ਼ਰਧਾਲੂਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਨੂੰ ਸੜਕ ਤੋਂ ਹਟਾ ਕੇ ਸਾਈਡ ‘ਤੇ ਲਿਜਾਇਆ ਗਿਆ।
ਐਸਐਸਪੀ ਡਾ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਹਾਦਸਾ ਪਿੰਡ ਤੋਂ ਸਿਰਫ਼ 1.5 ਕਿਲੋਮੀਟਰ ਦੂਰ ਵਾਪਰਿਆ ਸੀ, ਜਿੱਥੇ ਸ਼ਰਧਾਲੂਆਂ ਨੂੰ ਉਤਰਨਾ ਸੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਵਿੱਚ ਸਹਾਇਤਾ ਕੀਤੀ। ਜ਼ਖਮੀਆਂ ਲਈ ਤੁਰੰਤ ਮੈਡੀਕਲ ਸਹਾਇਤਾ ਯਕੀਨੀ ਬਣਾਈ ਗਈ ਹੈ। ਫਤਿਹਗੜ੍ਹ ਸਾਹਿਬ ਡੀਐੱਸਪੀ ਰਾਜ ਕੁਮਾਰ ਨੇ ਵੀ ਮੌਤਾਂ ਅਤੇ ਜ਼ਖਮੀਆਂ ਦੀ ਪੁਸ਼ਟੀ ਕੀਤੀ।
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਉਨ੍ਹਾਂ ਲਿਖਿਆ, “ਦੁਖਦਾਈ ਖ਼ਬਰ। ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਬੱਸ ਪਲਟਣ ਨਾਲ ਛੇ ਸ਼ਰਧਾਲੂਆਂ ਦੀ ਮੌਤ ਬਹੁਤ ਦੁੱਖਦਾਈ ਹੈ। ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ਣ ਅਤੇ ਜ਼ਖਮੀਆਂ ਨੂੰ ਜਲਦੀ ਠੀਕ ਹੋਣ ਦੀ ਅਰਦਾਸ।
ਦੁੱਖਦਾਈ ਖ਼ਬਰ – ਸ੍ਰੀ ਅਨੰਦਪੁਰ ਸਾਹਿਬ ਤੋਂ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟਣ ਕਾਰਨ 6 ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਗੁਰੂ ਸਾਹਿਬ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਜਖ਼ਮੀਆਂ ਨੂੰ ਜਲਦ ਤੰਦਰੁਸਤੀ ਬਖਸ਼ਣ।
— Harsimrat Kaur Badal (@HarsimratBadal_) April 15, 2026

