‘ਦ ਖ਼ਾਲਸ ਬਿਊਰੋ:- ਮਹਾਰਾਸ਼ਟਰ ਵਿੱਚ ਰਾਇਗੜ੍ਹ ਦੇ ਮਹਾੜ ਇਲਾਕੇ ਵਿੱਚ ਹਾਪੁਸ ਝੀਲ ਨੇੜੇ ਬਣੀ ਇੱਕ ਪੰਜ ਮੰਜ਼ਿਲਾਂ ਬਿਲਡਿੰਗ ਢਹਿ-ਢੇਰੀ ਹੋ ਗਈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ 100 ਦੇ ਕਰੀਬ ਲੋਕ ਇਸ ਬਿਲਡਿੰਗ ਦੇ ਮਲਬੇ ਹੇਠ ਦੱਬ ਗਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ NDRF ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਹਾਲੇ ਵੀ ਜਾਰੀ ਹੈ।
ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਅਦਿਤੀ ਤਤਕਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਭੀਰ ਹਾਲਤ ਵਿੱਚ ਜਖ਼ਮੀਆਂ ਨੂੰ ਇਲਾਜ ਲਈ ਮੁੰਬਈ ਹਸਪਤਾਲ ਵਿੱਚ ਪਹੁੰਚਾਇਆ ਜਾ ਰਿਹਾ ਹੈ।
ਇਸ ਘਟਨਾ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੇ ਟਵਿੱਟਰ ਅਕਾਊਂਟ ਦੇ ਜ਼ਰੀਏ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਦੀ NDRF ਦੇ ਡੀਜੀ ਨਾਲ ਗੱਲ ਹੋਈ ਹੈ। ਰੈਸਕਿਊ ਆਪਰੇਸ਼ਨ ਲਈ ਹਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ, ਮੈਂ ਜ਼ਖਮੀ ਹੋਏ ਲੋਕਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।
ਇਹ ਬਿਲਡਿੰਗ ਕਈ ਸਾਲ ਪੁਰਾਣੀ ਹੈ ਅਤੇ ਝੀਲ ਦੇ ਕਿਨਾਰੇ ਬਣੀ ਹੋਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੈ।