ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਨਵੇਂ ਬਣੇ ਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੰਚ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ।
ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਬੁਰਜ ਸੇਮਾ ’ਚ ਹਾਲ ਹੀ ਵਿਚ ਸਰਬਸੰਮਤੀ ਨਾਲ ਚੁਣੇ ਗਏ ਇਕ ਪੰਚਾਇਤ ਮੈਂਬਰ ਦਾ ਪਿੰਡ ਦੇ ਹੀ ਤਿੰਨ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਉਮਰ 50 ਸਾਲ ਵਜੋਂ ਹੋਈ ਹੈ, ਜੋ ਜ਼ਿਲ੍ਹਾ ਪੰਚਾਇਤ ਚੋਣਾਂ ਦੌਰਾਨ ਸਰਬਸੰਮਤੀ ਨਾਲ ਪੰਚ ਚੁਣਿਆ ਗਿਆ ਸੀ।
ਇਸ ਸਬੰਧੀ ਪੁਲਿਸ ਨੇ ਮੁਲਜ਼ਮ ਬੌਬੀ, ਕੁਲਵਿੰਦਰ ਤੇ ਉਨ੍ਹਾਂ ਦੇ ਪਿਤਾ ਲਾਭ ਸਿੰਘ ਵਿਰੁਧ ਕਤਲ ਦਾ ਕੇਸ ਦਰਜ ਕਰ ਕੇ ਬੌਬੀ ਤੇ ਲਾਭ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਐਚਉ ਕਰਮਜੀਤ ਸਿੰਘ ਨੇ ਦਸਿਆ ਕਿ ਮੁਲਜ਼ਮ ਲਾਭ ਸਿੰਘ ਪੰਚਾਇਤ ਮੈਂਬਰ ਬਣਨਾ ਚਾਹੁੰਦਾ ਸੀ ਪਰ ਜਗਤਾਰ ਸਿੰਘ ਨੂੰ ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਉਸ ਨੇ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿਤੀ।
ਸਨਿਚਰਵਾਰ ਰਾਤ ਕਰੀਬ 7.30 ਵਜੇ ਲਾਭ ਸਿੰਘ ਨੇ ਅਪਣੇ ਲੜਕਿਆਂ ਬੌਬੀ ਅਤੇ ਕੁਲਵਿੰਦਰ ਸਿੰਘ ਨਾਲ ਮਿਲ ਕੇ ਜਗਤਾਰ ਸਿੰਘ ਨੂੰ ਪਿੰਡ ’ਚ ਹੀ ਘੇਰ ਲਿਆ ਅਤੇ ਉਸ ’ਤੇ ਜਾਨਲੇਵਾ ਹਮਲਾ ਕਰ ਕੇ ਫ਼ਰਾਰ ਹੋ ਗਏ। ਜ਼ਖਮੀ ਜਗਤਾਰ ਸਿੰਘ ਨੂੰ ਏਮਜ਼ ’ਚ ਦਾਖ਼ਲ ਕਰਾਇਆ ਗਿਆ ਜਿੱਥੇ ਐਤਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ।