The Khalas Tv Blog India ਮਾਸੀ ਨੂੰ ਮਿਲਣ ਗਏ ਭੈਣ-ਭਰਾ ਦਾ ਸਫਰ ਹੋਇਆ ਲੰਮਾ, ਜਿੱਥੋਂ ਨਹੀਂ ਮੁੜਨ ਦੀ ਕੋਈ ਉਮੀਦ
India Punjab

ਮਾਸੀ ਨੂੰ ਮਿਲਣ ਗਏ ਭੈਣ-ਭਰਾ ਦਾ ਸਫਰ ਹੋਇਆ ਲੰਮਾ, ਜਿੱਥੋਂ ਨਹੀਂ ਮੁੜਨ ਦੀ ਕੋਈ ਉਮੀਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਮੇਤ ਦੇਸ਼ ਭਰ ਵਿੱਚ ਕਈ ਜਗ੍ਹਾਵਾਂ ‘ਤੇ ਮੌਸਮ ਦਾ ਮਿਜਾਜ਼ ਬਦਲਿਆ ਹੈ। ਦੇਸ਼ ਵਿੱਚ ਵੱਖ-ਵੱਖ ਥਾਂਵਾਂ ‘ਤੇ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਜੈਪੁਰ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਜੈਪੁਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਅੰਮ੍ਰਿਤਸਰ ‘ਚ ਛੇਹਰਟਾ ਸਾਹਿਬ ਦੇ ਰਹਿਣ ਵਾਲੇ ਦੋ ਭਰਾ-ਭੈਣ ਵੀ ਸ਼ਾਮਲ ਹਨ, ਜੋ ਕਿ ਜੈਪੁਰ ਘੁੰਮਣ ਲਈ ਗਏ ਸਨ। ਦੋਵੇਂ ਭੈਣ-ਭਰਾ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

11 ਜੁਲਾਈ ਨੂੰ ਜੈਪੁਰ ਵਿੱਚ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਅੰਮ੍ਰਿਤਸਰ ਦੇ ਰਹਿਣ ਵਾਲੇ 29 ਸਾਲਾ ਨੌਜਵਾਨ ਅਮਿਤ ਅਤੇ 24 ਸਾਲਾ ਉਸ ਦੀ ਭੈਣ ਸ਼ਿਵਾਨੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਭੈਣ-ਭਰਾ 8 ਜੁਲਾਈ ਨੂੰ ਆਪਣੀ ਮਾਸੀ ਨੂੰ ਮਿਲਣ ਲਈ ਜੈਪੁਰ ਗਏ ਹੋਏ ਸਨ। ਐਤਵਾਰ ਨੂੰ ਬਿਜਲੀ ਦੇ ਤੂਫਾਨ ਆਉਣ ‘ਤੇ ਉਹ ਵਾਚ ਟਾਵਰ (Watch Tower) ਵਿਖੇ ਸਨ। ਅਮਿਤ ਦੇ ਚਚੇਰੇ ਭਰਾ ਗਗਨ ਨੇ ਦੱਸਿਆ ਕਿ “ਅਮਿਤ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਵਾਚ ਟਾਵਰ ਉੱਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ਿਵਾਨੀ ਦੀ ਮੌਤ ਹੋ ਗਈ ਹੈ। ਗਗਨ ਨੇ ਦੱਸਿਆ ਕਿ 15 ਮਿੰਟਾਂ ਬਾਅਦ ਜਦੋਂ ਅਸੀਂ ਉਸਨੂੰ ਕਾਲ ਕੀਤੀ ਤਾਂ ਉਸਦਾ ਨੰਬਰ ਵੀ ਪਹੁੰਚ ਤੋਂ ਬਾਹਰ ਸੀ। ਤਦ ਸਾਨੂੰ ਜੈਪੁਰ ਵਿੱਚ ਸਾਡੇ ਰਿਸ਼ਤੇਦਾਰਾਂ ਦੁਆਰਾ ਸਾਨੂੰ ਦੱਸਿਆ ਗਿਆ ਕਿ ਅਮਿਤ ਵੀ ਬਿਜਲੀ ਦੀ ਲਪੇਟ ਵਿੱਚ ਆ ਕੇ ਮਾਰਿਆ ਗਿਆ ਸੀ।” ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਇੱਕ ਮੋਟਰਸਾਈਕਲ ’ਤੇ ਜੈਪੁਰ ਗਏ ਹੋਏ ਸਨ।

ਰਾਜਸਥਾਨ ਵਿੱਚ ਐਤਵਾਰ ਨੂੰ ਕੁਦਰਤ ਦਾ ਕਹਿਰ ਬਰਸਿਆ। ਮਾਨਸੂਨ ਦੇ ਲੰਬੇ ਅਰਸੇ ਤੋਂ ਬਾਅਦ ਮੌਸਮ ਬਦਲ ਗਿਆ ਅਤੇ ਰਾਜਧਾਨੀ ਜੈਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਪਰ ਇਸ ਦੌਰਾਨ 9 ਬੱਚਿਆਂ ਸਮੇਤ 22 ਵਿਅਕਤੀਆਂ ਦੀ ਵੱਖ-ਵੱਖ ਥਾਂਵਾਂ ‘ਤੇ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 11 ਮੌਤਾਂ ਜੈਪੁਰ ਵਿੱਚ ਹੋਈਆਂ। ਕੋਟਾ ਵਿੱਚ 4 ਅਤੇ ਧੌਲਪੁਰ ਵਿੱਚ 3 ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਤਿੰਨ ਵਿਅਕਤੀ ਵੀ ਬਿਜਲੀ ਦੀ ਚਪੇਟ ਵਿੱਚ ਆ ਗਏ।

Exit mobile version