ਤਰਨ ਤਾਰਨ (9 ਮਾਰਚ 2026): ਤਰਨ ਤਾਰਨ ਸ਼ਹਿਰ ਵਿੱਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਮਾਸੂਮ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 9 ਸਾਲਾ ਦਾਨੀਕਾ ਅਤੇ 6 ਸਾਲਾ ਆਰਵ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੱਚਿਆਂ ਨੇ ਐਤਵਾਰ ਰਾਤ ਨੂੰ ਬਾਜ਼ਾਰ ਤੋਂ ਮੰਗਵਾਏ ਹੋਏ ਚਾਪ ਅਤੇ ਮੋਮੋਜ਼ ਖਾਧੇ ਸਨ, ਜਿਸ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ। ਕਾਫੀ ਦੇਰ ਪ੍ਰੇਸ਼ਾਨ ਹੋਣ ਤੋਂ ਬਾਅਦ ਬੱਚੇ ਸੌਂ ਗਏ, ਪਰ ਸੋਮਵਾਰ ਸਵੇਰੇ ਉਹ ਉੱਠੇ ਹੀ ਨਹੀਂ।
ਜਦੋਂ ਮਾਤਾ-ਪਿਤਾ ਦੋਵਾਂ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚਿਆਂ ਦੀ ਮਾਂ ਨੇ ਦੱਸਿਆ ਕਿ ਦੋਵੇਂ ਬੱਚੇ ਬਿਲਕੁਲ ਸਿਹਤਮੰਦ ਸਨ ਅਤੇ ਉਨ੍ਹਾਂ ਨੇ ਸ਼ਾਮ ਨੂੰ ਮੋਮੋਜ਼ ਖਾਣ ਦੀ ਜ਼ਿੱਦ ਕੀਤੀ ਸੀ, ਜਿਸ ‘ਤੇ ਪਿਤਾ ਨੇ ਘਰ ਦੇ ਨੇੜੇ ਲੱਗਦੀ ਇੱਕ ਰੇਹੜੀ ਤੋਂ ਇਹ ਚੀਜ਼ਾਂ ਲਿਆ ਕੇ ਦਿੱਤੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

