‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਖੇਤੀ ਕਾਨੂੰਨ ਦੇ ਖਿਲਾਫ ਵਿੰਢੇ ਅੰਦੋਲਨ ਦੌਰਾਨ ਗਾਇਕ ਕੰਵਰ ਗਰੇਵਾਲ ਦੇ ਇੱਕ ਗੀਤ ਦਾ ਅੰਤਰਾ ਹੈ…ਅਸੀਂ ਪੜ੍ਹਾਂਗੇ ਕਿਸਾਨ ਮਜ਼ਦੂਰ ਏਕਤਾ, ਤੇਰਾ ਛੁੱਟਣਾ ਏ ਪਿੱਛਾ ਜਿੰਦਾਬਾਦ ਬੋਲ ਕੇ। ਤੇ ਜਿੰਦਾਬਾਦ ਕਿਸੇ ਮੂੰਹੋਂ ਕਹਾਉਣ ਲਈ ਪਹਿਲਾਂ ਆਪਣੀ ਆਵਾਜ਼ ਵਿੱਚ ਦਮ ਹੋਣਾ ਚਾਹੀਦਾ ਹੈ। ਭਖਦੇ ਸੀਨੇ ਹੀ ਦੂਜਿਆਂ ਦੇ ਮਨਾਂ ਵਿੱਚ ਇਨਕਲਾਬ ਦੀ ਅੱਗ ਬਾਲ ਸਕਦੇ ਹਨ, ਇਹ ਇੱਕ ਸਿੱਧੇ ਸਾਦੇ ਨੌਜਵਾਨ ਕਿਸਾਨ ਗੁਰਜੰਟ ਸਿੰਘ ਖ਼ਾਲਸਾ ਤੋਂ ਸਿੱਖਿਆ ਜਾ ਸਕਦਾ ਹੈ।
ਗੁਰਜੰਟ ਸਿੰਘ ਖ਼ਾਲਸਾ ਕਿਸਾਨੀ ਮੋਰਚੇ ਵਿੱਚ ਲਗਾਤਾਰ ਕਿਸਾਨਾਂ ਦੇ ਪੈਰ ਨਾਲ ਪੈਰ ਜੋੜ ਕੇ ਤੁਰ ਰਿਹਾ ਹੈ।ਕਰਨਾਲ ਵਿੱਚ ਪਿਛਲੇ ਦਿਨੀਂ ਹੋਏ ਪੁਲਿਸ ਦੇ ਲਾਠੀਚਾਰ ਤੇ ਪਾਣੀ ਦੀਆਂ ਤੇਜ਼ ਬੁਛਾੜਾਂ ਕਾਰਨ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ, ਪਰ ਕਿਸਾਨੀ ਮੋਰਚੇ ਪ੍ਰਤੀ ਉਸਦਾ ਜ਼ਜ਼ਬਾ ਹਾਲੇ ਵੀ ਉਸੇ ਤਰ੍ਹਾਂ ਕਾਇਮ ਹੈ, ਜਿਸ ਤਰ੍ਹਾਂ ਪਹਿਲਾਂ ਸੀ।ਇਸ ਕਦਰ ਕਾਬਿਲੇ-ਏ-ਤਾਰੀਫ਼ ਹੈ ਕਿ ਉਹ ਆਪਣਾ ਇਲਾਜ ਅਧੂਰਾ ਛੱਡ ਕੇ ਹੀ ਘਰ ਜਾਣ ਦੀ ਥਾਂ ਕਰਨਾਲ ਮੋਰਚੇ ਵਿੱਚ ਆ ਗਿਆ ਹੈ।ਗੁਰਜੰਟ ਸਿੰਘ ਨੇ ਕਿਹਾ ਕਿ ਉਸਦੀ ਜ਼ਖ਼ਮਾਂ ਦੀ ਸੋਜ ਵਿੱਚ 40 ਕੁ ਫ਼ੀਸਦ ਅਰਾਮ ਮਿਲਿਆ ਹੈ। ਉਸਨੇ ਕਿਹਾ ਕਿ ਉਸਦਾ ਘਰ ਜਾਣ ਨੂੰ ਜੀਅ ਨਹੀਂ ਕਰਦਾ, ਜਿਸ ਕਰਕੇ ਉਹ ਸਿੱਧਾ ਕਰਨਾਲ ਵਿੱਚ ਲੱਗੇ ਕਿਸਾਨ ਮੋਰਚੇ ਵਿੱਚ ਆ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਗੁਰਜੰਟ ਦੇ ਹੱਥਾਂ ਵਿੱਚ ਹਾਲੇ ਵੀ ਹਸਪਤਾਲ ਦੀਆਂ ਸੂਈਆਂ ਲੱਗੀਆਂ ਹੋਈਆਂ ਹਨ। ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਬਾਰੇ ਬੋਲਦਿਆਂ ਗੁਰਜੰਟ ਨੇ ਕਿਹਾ ਕਿ ਪੁਲਿਸ ਵਾਲਿਆਂ ‘ਤੇ ਤਰਸ ਤਾਂ ਆਉਂਦਾ ਹੈ, ਬੇਸ਼ੱਕ ਇਹ ਮਾਰਦੇ ਹਨ ਪਰ ਹੈ ਤਾਂ ਇਹ ਵੀ ਆਪਣੇ ਹੀ। ਗੁਰਜੰਟ ਬੜੇ ਫਖਰ ਨਾਲ ਕਹਿੰਦਾ ਹੈ ਕਿ ਸਿੱਖ ਕੌਮ ਕਦੇ ਵੀ ਕਿਸੇ ਦਾ ਨਾ ਮਾੜਾ ਕਰਦੀ ਹੈ ਤੇ ਨਾ ਹੀ ਸੋਚ ਸਕਦੀ ਹੈ।