‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਲੋਕਾਂ ਨੂੰ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਆਈ ਫਿਲਮ ‘ਸੂਰਿਆਵੰਸ਼ੀ’ ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਮੋਰਚਾ ਨੇ ਇਸ ਫਿਲਮ ਦਾ ਪੰਜਾਬ ਦੇ ਸਾਰੇ ਥਿਏਟਰਾਂ ਵਿੱਚ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਮੋਰਚਾ ਨੇ ਕਿਹਾ ਹੈ ਕਿ ਇਹ ਲੋਕ ਆਉਂਦੇ ਹਨ, ਸਾਨੂੰ ਲੁੱਟਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ। ਹੁਣ ਅਸੀਂ ਇਨ੍ਹਾਂ ਕੋਲੋਂ ਆਪਣੇ-ਆਪ ਨੂੰ ਲੁੱਟਣ ਨਹੀਂ ਦੇਵਾਂਗੇ।
ਤੁਹਾਨੂੰ ਦੱਸ ਦਈਏ ਕਿ ‘ਸੂਰਿਆਵੰਸ਼ੀ’ ਫਿਲਮ ਕੱਲ੍ਹ ਹੀ ਰਿਲੀਜ਼ ਹੋਈ ਹੈ। ਇਸ ਫਿਲਮ ਵਿੱਚ ਅਦਾਕਾਰ ਅਕਸ਼ੈ ਕੁਮਾਰ, ਅਜੈ ਦੇਵਗਨ, ਕੈਟਰੀਨਾ ਕੈਫ, ਰਣਵੀਰ ਸਿੰਘ, ਅਨੁਪਮ ਖੇਰ ਨੇ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਅਕਸ਼ੈ ਕੁਮਾਰ ਦੀ ਫਿਮਲ ਬੈੱਲਬੌਟਮ ਦਾ ਭਾਰੀ ਵਿਰੋਧ ਕੀਤਾ ਸੀ ਅਤੇ ਨੌਜਵਾਨਾਂ ਨੇ ਵੱਧ ਚੜ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ। ਕਈ ਸਿਨੇਮਾ ਘਰਾਂ ਤੋਂ ਇਸ ਫਿਲਮ ਦੇ ਪੋਸਟਰ ਪਾੜੇ ਗਏ ਸਨ ਅਤੇ ਜੋ ਲੋਕ ਸਿਨੇਮਾ ਘਰਾਂ ਤੋਂ ਇਹ ਫਿਲਮ ਵੇਖ ਕੇ ਆਉਂਦੇ ਸਨ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪਟਿਆਲਾ ਵਿੱਚ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ‘ਬੈੱਲਬਾਟਮ’ (BELL BOTTOM) ਦਾ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਜ਼ਬਰਦਸਤ ਵਿਰੋਧ ਕੀਤਾ ਸੀ। ਦਰਅਸਲ, ਪਟਿਆਲਾ ਦੇ ਸਿਨੇਮਾ ਘਰਾਂ ਵਿੱਚ ਅਕਸ਼ੈ ਕੁਮਾਰ ਦੀ ਇਹ ਨਵੀਂ ਫਿਲਮ ਲੱਗੀ ਹੋਈ ਸੀ ਅਤੇ ਨੌਜਵਾਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਨੌਜਵਾਨਾਂ ਨੇ ਫਿਲਮ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਅਕਸ਼ੈ ਕੁਮਾਰ ਨੂੰ ਪੰਜਾਬ ਦਾ ਗ਼ੱਦਾਰ ਕਿਹਾ। ਨੌਜਵਾਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਅਕਸ਼ੈ ਕੁਮਾਰ ਨੂੰ ਬਹੁਤ ਪਿਆਰ ਦਿੱਤਾ ਸੀ ਪਰ ਗ਼ੱਦਾਰ ਅਕਸ਼ੈ ਕੁਮਾਰ ਨੇ ਪੰਜਾਬੀਆਂ ਦੀ ਪਿੱਠ ‘ਤੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਸ਼ੈ ਕੁਮਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਲੜਣ ਦੀ ਲੋੜ ਸੀ ਤਾਂ ਅਕਸ਼ੈ ਕੁਮਾਰ ਨੇ ਕਿਸਾਨਾਂ-ਮਜ਼ਦੂਰਾਂ ਦਾ ਵਿਰੋਧ ਕੀਤਾ ਸੀ।
ਦਰਅਸਲ, ਜਦੋਂ ਪ੍ਰਸਿੱਧ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਤੇ ਪੌਪ ਸਿੰਗਰ ਰਿਹਾਨਾ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਸੀ ਤਾਂ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਤੇ ਕ੍ਰਿਕਟ ਸਿਤਾਰੇ ਸਰਕਾਰ ਦੇ ਹੱਕ ਵਿੱਚ ਭੁਗਤੇ ਸੀ। ਉਦੋਂ ਬੱਬੂ ਮਾਨ, ਰਣਜੀਤ ਬਾਵਾ ਸਮੇਤ ਕਈ ਪੰਜਾਬੀ ਗਾਇਕਾਂ ਨੇ ਬਾਲੀਵੁੱਡ ਦਾ ਬਾਈਕਾਟ ਕਰਨ ਦੇ ਬਿਆਨ ਵੀ ਦਿੱਤੇ ਸੀ।