ਖਾਲਸ ਬਿਊਰੋ:ਸਰਹੱਦੀ ਇਲਾਕਿਆਂ ਦੇ ਕਈ ਪਿੰਡ ਇਸ ਵਾਰ ਰਾਵੀ ਦਰਿਆ ਦੀ ਮਾਰ ਹੇਠ ਆਏ ਹਨ। ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਰਾਵੀ ਦਰਿਆ ਨੇ ਇਸ ਸਾਲ ਦੂਸਰੀ ਵਾਰ ਹਾਲਾਤ ਖਰਾਬ ਕੀਤੇ ਹਨ। ਡੈਮ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ,ਜਿਸ ਕਾਰਣ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਹਨ।
ਰਾਵੀ ਦਰਿਆ ਵਿੱਚ ਵੱਧ ਪਾਣੀ ਆਉਣ ਨਾਲ ਉਹ ਆਲੇ-ਦੁਆਲੇ ਦੇ ਖੇਤਾਂ ਵਿੱਚ ਵੜ ਗਿਆ ਹੈ।ਇਸ ਨਾਲ ਜਿਥੇ ਇੱਕ ਪਾਸੇ ਫ਼ਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ,ਉਥੇ ਦੂਜੇ ਪਾਸੇ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਹਨ ਤੇ ਹਾਲਾਤ ਏਨੇ ਵਿਗੜ ਗਏ ਹਨ ਕਿ ਦਰਿਆ ਤੋਂ ਉਸ ਪਾਰ ਦੇ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ।ਇਹਨਾਂ ਹਾਲਾਤਾਂ ਵਿੱਚ ਪਾਣੀ ਦਾ ਪੱਧਰ ਜੇਕਰ ਹੋਰ ਵਧਦਾ ਹੈ ਤਾਂ ਕਾਫੀ ਨੁਕਸਾਨ ਹੋਵੇਗਾ। ।
ਇਸ ਇਲਾਕੇ ਦੇ ਕਈ ਪਿੰਡਾਂ ਦੀ 5000 ਹਜਾਰ ਦੇ ਏਕੜ ਦੇ ਕਰੀਬ ਜ਼ਮੀਨ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ।ਇਹਨਾਂ ਹਾਲਾਤਾਂ ਨੂੰ ਕਾਬੂ ਵਿੱਚ ਲਿਆਉਣ ਲਈ ਪ੍ਰਸ਼ਾਸਨ ਵੀ ਪੂਰੀ ਵਾਹ ਲਾ ਰਿਹਾ ਹੈ । ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਵੀ ਇਲਾਕੇ ਦਾ ਦੌਰਾ ਕੀਤਾ ਤੇ ਬਚਾਅ ਕਾਰਜਾਂ ਦਾ ਜਾਇਜਾ ਲਿਆ।ਜਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਆਰਮੀ ਦੀ ਫਲੱਡ ਰਿਲੀਫ ਟੀਮ ਦੇ ਜਵਾਨਾਂ ਵਲੋਂ ਕਿਸ਼ਤੀਆਂ ਰਾਹੀਂ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਇਸ ਸਬੰਧ ਵਿੱਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਕੰਢੇ ਦੇ ਕੁਝ ਪਿੰਡ ਜਿਲ੍ਹਾ ਗੁਰਦਾਸਪੁਰ ਅਤੇ ਕੁਝ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਹਨ ਤੇ ਹਰ ਸਾਲ ਉਹਨਾਂ ਨੂੰ ਪਾਣੀ ਦੀ ਮਾਰ ਪੈਂਦੀ ਹੈ ਤੇ ਅਜਿਹੇ ਹਾਲਾਤ ਬਣਦੇ ਹਨ ਹੱਦ ਤੋਂ ਜਿਆਦਾ ਨੁਕਸਾਨ ਉਹਨਾਂ ਨੂੰ ਝੱਲਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਇਸ ਨੂੰ ਰੋਕਣ ਲਈ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਇਲਾਕੇ ਨੂੰ ਬਰਸਾਤ ਦੀ ਮਾਰ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਅਨੁਸਾਰ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦਾ ਹੋਰ ਨੁਕਸਾਨ ਨਾ ਹੋਣ ਦਿੱਤਾ ਜਾਵੇ ।ਪ੍ਰਸ਼ਾਸਨ ਆਪਣੀ ਪੂਰੀ ਵਾਹ ਲਾ ਰਿਹਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।