ਬਿਉਰੋ ਰਿਪੋਰਟ: ਦੇਸ਼ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਵਿੱਚ ਬੰਬ ਦੀਆਂ ਧਮਕੀਆਂ ਆਉਣ ਦਾ ਸਿਲਸਲਾ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ 27 ਉਡਾਣਾਂ ਵਿੱਚ ਬੰਬ ਦੀ ਧਮਕੀ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਗੋ, ਵਿਸਤਾਰਾ ਅਤੇ ਸਪਾਈਸਜੈੱਟ ਦੀਆਂ 7-7 ਉਡਾਣਾਂ, ਜਦਕਿ ਏਅਰ ਇੰਡੀਆ ਦੀਆਂ 6 ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ।
ਇੰਡੀਗੋ ਦੀਆਂ ਸੱਤ ਉਡਾਣਾਂ ਵਿੱਚੋਂ ਛੇ ਜਿਨ੍ਹਾਂ ਨੂੰ ਬੰਬ ਦੀ ਧਮਕੀ ਮਿਲੀ ਸੀ, 6E 2099 (ਉਦੈਪੁਰ ਤੋਂ ਦਿੱਲੀ), 6E 11 (ਦਿੱਲੀ ਤੋਂ ਇਸਤਾਂਬੁਲ), 6E 58 (ਜੇਦਾਹ ਤੋਂ ਮੁੰਬਈ), 6E 17 (ਮੁੰਬਈ ਤੋਂ ਇਸਤਾਂਬੁਲ), 6E 108 (ਹੈਦਰਾਬਾਦ ਤੋਂ ਚੰਡੀਗੜ੍ਹ) ਅਤੇ 6E 133 (ਪੁਣੇ ਤੋਂ ਜੋਧਪੁਰ) ਸ਼ਾਮਲ ਹਨ।
ਉਦੈਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ 6E 2099 ਨੂੰ ਟੇਕ-ਆਫ ਤੋਂ 10 ਮਿੰਟ ਪਹਿਲਾਂ ਧਮਕੀ ਮਿਲੀ, ਜਿਸ ਤੋਂ ਬਾਅਦ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਫਲਾਈਟ ਦੇ ਅੰਦਰ ਅਤੇ ਯਾਤਰੀਆਂ ਦੇ ਬੈਗਾਂ ਦੀ ਜਾਂਚ ਕੀਤੀ ਗਈ। ਬੰਬ ਦੀ ਚਿਤਾਵਨੀ ਝੂਠੀ ਨਿਕਲਣ ’ਤੇ 3.5 ਘੰਟੇ ਬਾਅਦ ਫਲਾਈਟ ਨੂੰ ਰਵਾਨਾ ਕੀਤਾ ਗਿਆ।
ਪਿਛਲੇ 12 ਦਿਨਾਂ ਵਿੱਚ 280 ਤੋਂ ਵੱਧ ਭਾਰਤੀ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਸਭ ਤੋਂ ਵੱਧ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੇਟਾ ਅਤੇ ਐਕਸ ਨੂੰ ਜਾਅਲੀ ਬੰਬ ਧਮਕੀ ਸੰਦੇਸ਼ਾਂ ਦਾ ਡੇਟਾ ਸਾਂਝਾ ਕਰਨ ਲਈ ਕਿਹਾ ਹੈ।