The Khalas Tv Blog International ਬਲੋਚਿਸਤਾਨ ’ਚ ਜਾਫਰ ਐਕਸਪ੍ਰੈੱਸ ’ਤੇ ਬੰਬ ਹਮਲਾ, 6 ਬੋਗੀਆਂ ਪਟੜੀ ਤੋਂ ਉਤਰੀਆਂ, 12 ਯਾਤਰੀ ਜ਼ਖ਼ਮੀ
International

ਬਲੋਚਿਸਤਾਨ ’ਚ ਜਾਫਰ ਐਕਸਪ੍ਰੈੱਸ ’ਤੇ ਬੰਬ ਹਮਲਾ, 6 ਬੋਗੀਆਂ ਪਟੜੀ ਤੋਂ ਉਤਰੀਆਂ, 12 ਯਾਤਰੀ ਜ਼ਖ਼ਮੀ

ਬਿਊਰੋ ਰਿਪੋਰਟ (24 ਸਤੰਬਰ 2025): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਮੰਗਲਵਾਰ ਨੂੰ ਜਾਫਰ ਐਕਸਪ੍ਰੈੱਸ ਰੇਲ ਗੱਡੀ ’ਤੇ ਬੰਬ ਹਮਲਾ ਹੋਇਆ, ਜਿਸ ਵਿੱਚ ਘੱਟੋ-ਘੱਟ 12 ਯਾਤਰੀ ਜ਼ਖ਼ਮੀ ਹੋ ਗਏ। ਖ਼ਬਰਾਂ ਅਨੁਸਾਰ, ਇਹ ਧਮਾਕਾ ਉਸ ਵੇਲੇ ਹੋਇਆ ਜਦੋਂ ਟ੍ਰੇਨ ਮਸਤੁੰਗ ਜ਼ਿਲ੍ਹੇ ਦੇ ਸਪੀਜ਼ੈਂਡ ਇਲਾਕੇ ਤੋਂ ਕੁਏਟਾ ਵੱਲ ਜਾ ਰਹੀ ਸੀ।

ਰੇਲ ਗੱਡੀ ਵਿੱਚ ਲਗਭਗ 270 ਯਾਤਰੀ ਸਵਾਰ ਸਨ। ਹਮਲੇ ਕਾਰਨ 6 ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਇੱਕ ਬੋਗੀ ਪਲ਼ਟ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਇਸ ਇਲਾਕੇ ਵਿੱਚ 10 ਘੰਟਿਆਂ ਦੇ ਅੰਦਰ ਦੂਜਾ ਧਮਾਕਾ ਸੀ।

ਸਵੇਰੇ ਵੀ ਕੁਏਟਾ ਸਟੇਸ਼ਨ ਤੋਂ ਨਿਕਲ ਰਹੀ ਜਾਫਰ ਐਕਸਪ੍ਰੈੱਸ ਦੇ ਨੇੜੇ ਰੇਲਵੇ ਟ੍ਰੈਕ ’ਤੇ ਇੱਕ ਬੰਬ ਧਮਾਕਾ ਹੋਇਆ ਸੀ। ਉਸ ਵੇਲੇ ਸੁਰੱਖਿਆ ਬਲਾਂ ਨੇ ਟ੍ਰੈਕ ਸਾਫ ਕਰਕੇ ਟ੍ਰੇਨ ਨੂੰ ਅੱਗੇ ਵਧਾਇਆ ਸੀ।

ਪੁਲਿਸ ਨੇ ਪੁਸ਼ਟੀ ਕੀਤੀ ਕਿ ਦੂਜਾ ਧਮਾਕਾ ਟ੍ਰੈਕ ’ਤੇ ਲਗਾਈ ਗਈ IED (ਇੰਪ੍ਰੋਵਾਇਜ਼ਡ ਐਕਸਪਲੋਸਿਵ ਡਿਵਾਈਸ) ਨਾਲ ਕੀਤਾ ਗਿਆ। ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਪਲ਼ਟੀ ਹੋਈ ਬੋਗੀ ਵਿੱਚ 5 ਯਾਤਰੀ ਜ਼ਖ਼ਮੀ ਹੋਏ, ਜਦਕਿ ਹੋਰ ਲੋਕ ਬਾਕੀ ਬੋਗੀਆਂ ਦੇ ਪਟੜੀ ਤੋਂ ਉਤਰਣ ਨਾਲ ਜ਼ਖ਼ਮੀ ਹੋਏ।

ਬਚਾਅ ਟੀਮਾਂ ਅਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਜੇ ਰੇਲ ਗੱਡੀ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੁੰਦੀ ਤਾਂ ਹਾਦਸਾ ਹੋਰ ਵੱਡਾ ਹੋ ਸਕਦਾ ਸੀ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

Exit mobile version