‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਦੇ ਇੰਡੀਅਨਪੋਲਿਸ ਸੂਬੇ ਵਿੱਚ ਫੈਡਐਕਸ ਕੰਪਨੀ ਦੇ ਇੱਕ ਕੰਪਲੈਕਸ ਵਿੱਚ 15 ਅਪ੍ਰੈਲ ਦੀ ਰਾਤ ਨੂੰ ਇੱਕ ਬੰਦੂਕਧਾਰੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਰਨ ਵਾਲੇ ਲੋਕਾਂ ਵਿੱਚ ਚਾਰ ਸਿੱਖ ਵੀ ਸ਼ਾਮਿਲ ਸਨ। ਸਿੱਖ ਭਾਈਚਾਰੇ ਦੇ ਲੀਡਰਾਂ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ।
ਫੈੱਡਐਕਸ ਨੇ ਕਿਹਾ ਕਿ ਮ੍ਰਿਤਕਾਂ ’ਚ ਉਨ੍ਹਾਂ ਦੀ ਕੰਪਨੀ ਦੇ ਮੁਲਾਜ਼ਮ ਵੀ ਸ਼ਾਮਲ ਹਨ। ਘਟਨਾ ਸਮੇਂ ਮੌਜੂਦ ਇੱਕ ਵਿਅਕਤੀ ਲੇਵੀ ਮਿੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਸ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਮਾਰਤ ਅੰਦਰ ਕੰਮ ਕਰ ਰਿਹਾ ਸੀ। ਲੇਵੀ ਮਿੱਲਰ ਨੇ ਕਿਹਾ ਕਿ,‘‘ਮੈਂ ਇੱਕ ਵਿਅਕਤੀ ਨੂੰ ਰਾਈਫਲ ਨਾਲ ਆਉਂਦਿਆਂ ਦੇਖਿਆ ਅਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਇੱਕ ਦਮ ਹੇਠਾਂ ਝੁਕ ਗਿਆ ਤਾਂ ਜੋ ਉਹ ਮੈਨੂੰ ਨਾ ਦੇਖ ਸਕੇ।’’
ਜਾਣਕਾਰੀ ਮੁਤਾਬਕ ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬਰੈਂਡਨ ਸਕੌਟ ਹੋਲ ਵਜੋਂ ਹੋਈ ਹੈ, ਜਿਸ ਨੇ ਇੰਡੀਅਨਪੋਲਿਸ ਵਿੱਚ ਸਥਿਤ ਫੈਡਐਕਸ ਕੰਪਨੀ ਦੇ ਕੰਪਲੈਕਸ ਵਿੱਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਆਪਣੇ-ਆਪ ਨੂੰ ਗੋਲੀ ਮਾਰ ਲਈ ਸੀ। ਡਿਲਿਵਰੀ ਸੇਵਾ ਮੁਹੱਈਆ ਕਰਨ ਵਾਲੀ ਇਸ ਕੰਪਨੀ ਦੇ ਇਸ ਕੰਪਲੈਕਸ ਵਿੱਚ ਕੰਮ ਕਰਨ ਵਾਲੇ 90 ਫ਼ੀਸਦ ਤੋਂ ਵੱਧ ਕਰਮਚਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਹਨ।
ਲੰਘੀ ਦੇਰ ਰਾਤ ਮੈਰੀਅਨ ਕਾਊਂਟੀ ਕੋਰੋਨਰ ਦਫ਼ਤਰ ਅਤੇ ਇੰਡੀਅਨਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ ਨੇ ਮ੍ਰਿਤਕਾਂ ਦੇ ਨਾਂਵਾਂ ਦਾ ਖੁਲਾਸਾ ਕੀਤਾ। ਮ੍ਰਿਤਕਾਂ ਵਿੱਚ 66 ਸਾਲਾ ਅਮਰਜੀਤ ਜੌਹਲ, 64 ਸਾਲਾ ਜਸਵਿੰਦਰ ਕੌਰ, 48 ਸਾਲਾ ਅਮਰਜੀਤ ਅਤੇ 70 ਸਾਲਾ ਜਸਵਿੰਦਰ ਸਿੰਘ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇੱਕ ਹੋਰ 45 ਸਾਲਾ ਸਿੱਖ ਵਿਅਕਤੀ ਹਰਪ੍ਰੀਤ ਸਿੰਘ ਗਿੱਲ ਦੇ ਅੱਖ ਕੋਲ ਗੋਲੀ ਲੱਗੀ ਹੈ ਅਤੇ ਉਹ ਹੁਣ ਹਸਪਤਾਲ ਵਿੱਚ ਦਾਖ਼ਲ ਹੈ।
ਭਾਰਤੀ ਮੂਲ ਦੇ ਵਿਅਕਤੀ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਦੀ ਔਰਤ ਰਿਸ਼ਤੇਦਾਰ ਬੰਦੂਕਧਾਰੀ ਦੇ ਹਮਲੇ ’ਚ ਜ਼ਖ਼ਮੀ ਹੋ ਗਈ। ਉਸ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਦੀ ਰਿਸ਼ਤੇਦਾਰ ਲੜਕੀ ਕਾਰ ’ਚ ਡਰਾਈਵਰ ਸੀਟ ’ਤੇ ਬੈਠੀ ਹੋਈ ਸੀ। ਪਰਮਿੰਦਰ ਸਿੰਘ ਨੇ ਕਿਹਾ ਕਿ ਲੜਕੀ ਨੇ ਜਦੋਂ ਉਸਨੂੰ ਫੋਨ ਕਰਕੇ ਉਸਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਤਾਂ ਉਹ ਘਰ ’ਚ ਸੁੱਤਾ ਹੋਇਆ ਸੀ। ਇਸ ਮਗਰੋਂ ਉਹ ਬ੍ਰਾਊਨਜ਼ਬਰਗ ਤੋਂ ਮੌਕੇ ’ਤੇ ਪਹੁੰਚਿਆ, ਜਿੱਥੇ ਪਤਾ ਲੱਗਾ ਕਿ ਲੜਕੀ ਦੀ ਖੱਬੀ ਬਾਂਹ ’ਤੇ ਗੋਲੀ ਲੱਗੀ ਹੈ। ਹਸਪਤਾਲ ’ਚ ਉਸ ਦੀ ਤਬੀਅਤ ਹੁਣ ਠੀਕ ਹੈ।
ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ’ਚ ਹੁਸ਼ਿਆਰਪੁਰ ਨਾਲ ਸਬੰਧਤ ਕਰੀਬ 70 ਸਾਲਾ ਜਸਵਿੰਦਰ ਸਿੰਘ ਵੀ ਸ਼ਾਮਲ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਸਦਮੇ ਵਿੱਚ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਕਰੀਬ ਅੱਠ ਸਾਲ ਪਹਿਲਾ ਅਮਰੀਕਾ ਗਿਆ ਸੀ ਅਤੇ ਆਪਣੇ ਪੁੱਤਰ ਨਾਲ ਰਹਿ ਰਿਹਾ ਸੀ। ਪਿੰਡ ਰਹਿੰਦੇ ਉਨ੍ਹਾਂ ਦੇ ਛੋਟੇ ਪੁੱਤਰ ਜਤਿੰਦਰ ਨੇ ਦੱਸਿਆ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਉਸ ਦੀ ਉਸ ਦੇ ਪਿਤਾ ਨਾਲ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਸ ਦੇ ਪਿਤਾ ਨੇ ਉਕਤ ਕੰਪਨੀ ਵਿੱਚ ਕੰਮ ਸ਼ੁਰੂ ਕੀਤਾ ਸੀ ਅਤੇ ਉਹ ਆਪਣੀ ਪਹਿਲੀ ਤਨਖਾਹ ਲੈਣ ਲਈ ਗਏ ਸਨ, ਜਦੋਂ ਇਹ ਘਟਨਾ ਵਾਪਰੀ।