ਮੋਰਿੰਡਾ : ਪੰਜਾਬ ਵਿੱਚ ਬੇਅਦਬੀ ਦੀਆਂ ਘਟਵਾਨਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਦੌਰਾਨ ਮੋਰਿੰਡਾ ਤੋਂ ਇੱਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਰਿੰਡਾ ਵਿੱਚ ਇੱਕ ਨਿੱਜੀ ਦੁਕਾਨ ਦੀ ਛੱਤ ਦੇ ਉੱਤੇ ਗੁਟਕਾ ਸਾਹਿਬ, ਚੌਰ ਸਾਹਿਬ, ਸੁਖਮਨੀ ਸਾਹਿਬ, ਨਿਤਨੇਮ ਦੇ ਗੁਟਕਾ ਸਾਹਿਬ ਮਿਲੇ ਹਨ, ਜਿਨ੍ਹਾਂ ਦੀ ਬੇਅਦਬੀ ਕੀਤਾ ਹੋਈ ਸੀ।
ਘਟਨਾ ਰੂਪਨਗਰ ਦੇ ਸਬ ਡਵੀਜ਼ਨ ਮੋਰਿੰਡਾ ਨਾਲ ਸਬੰਧਤ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਸਬੰਧਿਤ ਦੁਕਾਨ ਦਾ ਸ਼ੈੱਡ ਉਤਾਰਿਆ ਜਾ ਰਿਹਾ ਸੀ ਤਾਂ ਸ਼ੈੱਡ ਵਾਲੇ ਵਿਅਕਤੀ ਦੀ ਉਥੇ ਪਏ ਇੱਕ ਲਿਫਾਫੇ ਉੱਤੇ ਨਜ਼ਰ ਪਈ। ਇਸ ਤੋਂ ਬਾਅਦ ਉਸ ਵੱਲੋਂ ਉਨ੍ਹਾਂ ਲਿਫਾਫਿਆਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਕਾਫੀ ਖਰਾਬ ਹਾਲਤ ਵਿੱਚ ਗੁਟਕਾ ਸਾਹਿਬ, ਚੌਰ ਸਾਹਿਬ, ਸੁਖਮਨੀ ਸਾਹਿਬ, ਨਿਤਨੇਮ ਸਾਹਿਬ ਦੇ ਗੁਟਕਾ ਸਾਹਿਬ ਮਿਲੇ। ਇਸ ਮਾਮਲੇ ਦੀ ਜਾਣਕਾਰੀ ਨਜ਼ਦੀਕ ਪੈਂਦੇ ਗੁਰਦੁਆਰਾ ਸਾਹਿਬ ਵਿੱਚ ਦਿੱਤੀ ਗਈ ਤੇ ਰਹਿਤ ਮਰਿਆਦਾ ਦੇ ਨਾਲ ਮਿਲੇ ਧਾਰਮਿਕ ਗ੍ਰੰਥਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਲਿਜਾਇਆ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਣਕਾਰੀ ਵਿੱਚ ਪੁਲਿਸ ਵੱਲੋਂ 295 A ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵੀ ਬੇਅਦਬੀ ਦੀ ਘਟਨਾ ਵਾਪਰੀ ਸੀ। ਦਰਅਸਲ, ਇੱਥੇ ਅਖੰਡ ਪਾਠ ਸਹਿਬ ਦੀ ਚਲਦੀ ਲੜੀ ਦੌਰਾਨ ਇਕ ਵਿਅਕਤੀ ਜੁੱਤੀਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਗਿਆ ਸੀ ਅਤੇ ਉਸ ਨੇ ਤਾਬਿਆ ’ਤੇ ਬੈਠੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਕੀਤੀ ਸੀ। ਇਸ ਦੌਰਾਨ ਗ੍ਰੰਥੀ ਸਿੰਘ ਦੀ ਦਸਤਾਰ ਵੀ ਲਹਿ ਗਈ ਸੀ।