ਬਿਊਰੋ ਰਿਪੋਰਟ : BKU ਸਿੱਧੂਪੁਰਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ‘ਤੇ ਬੈਠੇ 6 ਦਿਨ ਹੋ ਗਏ ਹਨ । ਇਸ ਦੌਰਾਨ ਉਨ੍ਹਾਂ ਦੀ ਸਿਹਤ ਵੀ ਕਾਫੀ ਪ੍ਰਭਾਵਿਤ ਹੋਈ ਹੈ ਪਰ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਰਹੀ ਹਿਮਾਇਤ ਤੋਂ ਬਾਅਦ ਡੱਲੇਵਾਲ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੁੱਧਵਾਰ 23 ਨਵੰਬਰ ਨੂੰ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਪ੍ਰਤੀ ਵਰਤੀ ਗਈ ਮਾੜੀ ਸ਼ਬਦਾਵਲੀ ਦੇ ਖਿਲਾਫ਼ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਪੁੱਤਲੇ ਫੂਕੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਭਾਰਤ ਦਾ ਪਹਿਲਾਂ ਮੁੱਖ ਮੰਤਰੀ ਹੋਵੇਗਾ ਜਿਸ ਦੇ ਪੁਤਲੇ ਪੂਰੇ ਦੇਸ਼ ਵਿੱਚ ਫੂਕੇ ਗਏ ਹਨ । ਅੱਗੇ ਦੀ ਰਣਨੀਤੀ ਬਣਾਉਣ ਦੇ ਲਈ 24 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਪੂਰੇ ਭਾਰਤ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਦੌਰਾਨ ਡੱਲੇਵਾਲ ਦੀ ਜਥੇਬੰਦੀ BKU ਸਿੱਧੂਪੁਰਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ,ਉਨ੍ਹਾਂ ਦੇ 3 ਵਜ਼ੀਰਾਂ ਅਤੇ 3 ਵਿਧਾਇਕਾਂ ਦੀਆਂ ਪੁਰਾਣੀਆਂ ਫੋਟੋਆਂ ਜਾਰੀ ਕਰਕੇ ਪੋਲ ਖੋਲੀ ਹੈ ।
ਪੁਰਾਣੀ ਤਸਵੀਰਾਂ ਦੇ ਜ਼ਰੀਏ CM ਮਾਨ ‘ਤੇ ਹਮਲਾ
ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਧਰਨੇ ਨੂੰ ਰਿਵਾਜ ਦਾ ਨਾਂ ਦੇਣ ਅਤੇ ਫੰਡਾਂ ਨੂੰ ਲੈਕੇ ਸਵਾਲ ਚੁੱਕੇ ਸਨ ਜਿਸ ਦੇ ਜਵਾਬ ਵਿੱਚ BKU ਸਿੱਧੂਪੁਰਾ ਨੇ ਫੋਟੋਆਂ ਜਾਰੀ ਕਰਕੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ । BKU ਨੇ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਪੁਰਾਣੀਆਂ ਫੋਟੋਆਂ ਜਾਰੀ ਕਰਦੇ ਹੋਏ ਲਿਖਿਆ ‘ਸੱਤਾ ਵੀ ਕੈਸੀ ਚੀਜ਼ ਹੈ ਚੰਗੇ ਭਲੇ ਬੰਦੇ ਦੀ ਮੱਤ ਮਾਰ ਦਿੰਦੀ ਹੈ। ਧਰਨਿਆਂ ਵਿੱਚੋਂ ਨਿਕਲੀ ਪਾਰਟੀ ਦਾ ਮੁੱਖ ਮੰਤਰੀ ਅੱਜ ਕਹਿ ਰਿਹਾ ਧਰਨੇ ਨਾ ਲਗਾਓ। ਸਰਕਾਰ ਬਣਨ ਤੋਂ ਪਹਿਲਾਂ ਖ਼ੁਦ ਆਪ ਕਿਸਾਨਾਂ ਕੋਲ ਧਰਨਿਆਂ ਤੇ ਜਾਕੇ ਸੜਕਾਂ ਉੱਪਰ ਬੈਠਣ ਵਾਲੇ ,ਅੱਜ ਪ੍ਰੈਸ ਕਾਨਫਰੰਸਾਂ ਕਰ ਧਰਨਿਆਂ ਲਈ ਕਿਸਾਨਾਂ ਨੂੰ ਖਾਸ ਜਗਾਹ ਦੱਸ ਰਹੇ ਨੇ… ਵਾਹ ਓਏ ਇੰਨਕਲਾਬੀਓ !!ਕੋਈ ਆਪਣੀ ਖੁਸ਼ੀ ਨਾਲ ਧਰਨੇ ਨਹੀਂ ਲਗਾਉਂਦਾ,ਨਾ ਡਾਂਗਾ ਖਾਣੀਆਂ ਚਾਹੁੰਦਾ,ਆਮ ਲੋਕਾਂ ਦੀ ਫ਼ਿਕਰ ਸਾਰਿਆਂ ਨੂੰ ਹੈ,ਸਰਕਾਰਾ ਦੀ ਵਾਅਦਾ ਖਿਲਾਫੀ ਅੰਦੋਲਨਕਾਰੀਆਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰਦੀਆਂ। ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2018 ਵਿੱਚ ਚੀਮਾ ਮੰਡੀ ਵਿਖੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਲੱਗੇ ਧਰਨੇ ਵਿੱਚ ਆਪਣੀ ਅੱਧੀ ਕੈਬਨਿਟ ਨਾਲ ਹਾਜਰੀ ਲਗਵਾਉਂਦੇ ਹਨ’।
BKU ਸਿੱਧੂਪੁਰਾ ਵੱਲੋਂ ਜਾਰੀ ਫੋਟੋਆਂ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ,ਹਰਪਾਲ ਚੀਮਾ ਅਤੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਨਜ਼ਰ ਆ ਰਹੇ ਹਨ,ਇਸ ਤੋਂ ਇਲਾਵਾ ਜਥੇਬੰਦੀ ਵੱਲੋਂ 3 ਸਾਬਕਾ ਵਿਧਾਇਕਾਂ ਦੀਆਂ ਫੋਟੋਆਂ ਵੀ ਧਰਨੇ ਵਿੱਚ ਸ਼ਾਮਲ ਹੋਣ ਵਾਲੀਆਂ ਜਾਰੀ ਕੀਤੀਆਂ ਹਨ ।
SKM ਗੈਰ ਰਾਜਨੀਤਕ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਨੇ ਤਾਂ ਮੋਦੀ ਦੀਆਂ ਨੀਤੀਆਂ ਨੂੰ ਵੀ ਮਾਤ ਪਾ ਦਿੱਤੀ ਹੈ।ਭਗਵੰਤ ਮਾਨ ਕਿਸਾਨ ਵਿਰੋਧੀ ਰਾਹਾਂ ਤੇ ਚਲਦਿਆਂ ਮੋਦੀ ਤੋਂ ਅੱਗੇ ਨਿਕਲ ਗਿਆ ਹੈ ਜਿਸ ਨੇ ਜੁਮਲਾ ਮੁਸ਼ਤਰਕਾ ਖਾਤਾ ਮਾਲਕਾਨ ਅਤੇ ਆਬਾਦਕਾਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਬਜਾਏ 22 ਸਤੰਬਰ 2022 ਨੂੰ ਜੁਮਲਾ ਮੁਸ਼ਤਰਕਾ ਜਮੀਨਾਂ ਕਿਸਾਨਾਂ ਤੋਂ ਖੋਹ ਕੇ ਪੰਚਾਇਤਾਂ ਰਾਹੀਂ ਆਪਣੇ ਕਬਜੇ ਵਿੱਚ ਲੈ ਕੇ ਕਾਰਪੋਰੇਟਾਂ ਨੂੰ ਦੇਣ ਦਾ ਰਾਹ ਪੱਧਰਾ ਕੇ ਕਿਸਾਨਾਂ ਦਾ ਵੱਡਾ ਦੁਸ਼ਮਣ ਹੋਣ ਦਾ ਸਬੂਤ ਦਿੱਤਾ ਹੈ।