The Khalas Tv Blog Punjab CM ਦੀ ਕਥਿਤ ਵਾਇਰਲ ਵੀਡਿਓ ’ਤੇ ਭਾਜਪਾ ਦਾ ਤਿੱਖਾ ਹਮਲਾ, ਵਿਨੀਤ ਜੋਸ਼ੀ ਨੇ ਘੇਰੀ ਆਪ ਸਰਕਾਰ
Punjab

CM ਦੀ ਕਥਿਤ ਵਾਇਰਲ ਵੀਡਿਓ ’ਤੇ ਭਾਜਪਾ ਦਾ ਤਿੱਖਾ ਹਮਲਾ, ਵਿਨੀਤ ਜੋਸ਼ੀ ਨੇ ਘੇਰੀ ਆਪ ਸਰਕਾਰ

ਬਿਊਰੋ ਰਿਪੋਰਟ (ਚੰਡੀਗੜ੍ਹ, 23 ਅਕਤੂਬਰ 2025): ਪੰਜਾਬ ਭਾਜਪਾ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਹੋ ਰਹੀ ਵੀਡਿਓ ਨੂੰ ਲੈ ਕੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤੇ ਟਵੀਟ ਤੋਂ ਬਾਅਦ ਆਮ ਆਦਮੀ ਪਾਰਟੀ ਬੌਖ਼ਲਾ ਗਈ ਹੈ, ਇਸੇ ਦੇ ਚੱਲਦਿਆਂ ਆਪ ਦੇ ਆਗੂਆਂ ਵੱਲੋਂ ਪ੍ਰੈਸ ਮਿਲਣੀਆਂ ਕਰ ਬੇਤੁਕੇ ਬਿਆਨ ਦਿੱਤੇ ਜਾ ਰਹੇ ਹਨ।

ਉਨ੍ਹਾਂ ਆਖਿਆ ਕਿ 48 ਘੰਟੇ ਬੀਤਣ ਤੋਂ ਬਾਅਦ ਸ਼ਰਮਾ ਨੇ ਇਹ ਹੀ ਟਵੀਟ ਕੀਤਾ ਕਿ “ਜਿਹੜਾ ਬੰਦਾ ਹਰ ਛੋਟੀ ਗੱਲ ’ਤੇ ਪ੍ਰੈਸ ਕਾਨਫਰੰਸ ਕਰਦਾ ਸੀ, ਉਹ ਆਪਣੀ ਕਥਿਤ ਵੀਡੀਉ ਤੇ ਇੰਨਾ ਚੁੱਪ ਕਿਉਂ ਹੈ? ਪੰਜਾਬ ਨੂੰ ਜਵਾਬ ਚਾਹੀਦਾ ਹੈ, ਭਗਵੰਤ ਸਾਹਿਬ, ਸਪੱਸ਼ਟੀਕਰਨ ਦਿੱਤਾ ਜਾਵੇ” ਤਾਂ ਇਸ ਵਿੱਚ ਗ਼ਲਤ ਕੀ ਹੈ।

ਇਸ ਮਾਮਲੇ ‘ਤੇ ਭਾਜਪਾ ਆਗੂ ਜੋਸ਼ੀ ਨੇ ਆਮ ਆਦਮੀ ਪਾਰਟੀ ਅਤੇ ਸੂਬੇ ਦੇ ਮੁੱਖ ਮੰਤਰੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ “ਜੇ ਵੀਡਿਓ ਜਾਅਲੀ ਹੈ ਤਾਂ ਮੁੱਖ ਮੰਤਰੀ ਸਾਹਿਬ ਚੁੱਪ ਕਿਉਂ ਹਨ?”

ਜੋਸ਼ੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਵੀਡਿਓ ਤਕ ਸੀਮਿਤ ਨਹੀਂ ਹੈ, ਸਗੋਂ ਇਹ ਸਰਕਾਰ ਦੀ “ਇਮਾਨਦਾਰੀ” ਅਤੇ ਨੈਤਿਕਾ ਦੇ ਦਾਅਵਿਆਂ ‘ਤੇ ਵੱਡਾ ਸਵਾਲ ਚਿੰਨ੍ਹ ਹੈ। ਆਪ ਨੇ ਲੋਕਾਂ ਨੂੰ ਸਾਫ਼ ਸਿਆਸਤ ਦੇ ਸੁਪਨੇ ਦਿਖਾਏ ਸਨ, ਪਰ ਹੁਣ ਜਦੋਂ ਆਪਣੇ ਹੀ ਮੁੱਖ ਮੰਤਰੀ ‘ਤੇ ਗੰਭੀਰ ਸਵਾਲ ਉਠ ਰਹੇ ਹਨ, ਸਾਰੀ ਟੀਮ ਦੋ ਦਿਨਾਂ ਤੋਂ ਚੁੱਪ ਹੈ।

ਜੋਸ਼ੀ ਨੇ ਆਪ ਆਗੂ ਬਲਤੇਜ ਪਨੂੰ ਅਤੇ ਮਾਲਵਿੰਦਰ ਸਿੰਘ ਕੰਗ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਦੋਵੇਂ ਆਗੂ ਹਰ ਮਾਮਲੇ ‘ਚ ਹੋਰਾਂ ਉੱਤੇ ਉਂਗਲ ਚੁੱਕਦੇ ਰਹੇ ਹਨ, ਪਰ ਹੁਣ ਜਦੋਂ ਮਾਮਲਾ ਆਪਣੇ ਘਰ ਦਾ ਆਇਆ ਹੈ, ਤਾਂ ਇਨ੍ਹਾਂ ਦੀ ਬੋਲੀ ਬਦਲ ਗਈ ਹੈ।

ਸਾਈਬਰ ਸੈੱਲ ਵਲੋਂ ਦਰਜ ਕੀਤੀ ਐਫ਼ ਆਈ ਆਰ ‘ਤੇ ਵੀ ਵਿਨੀਤ ਜੋਸ਼ੀ ਨੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਪੁੱਛਿਆ ਕਿ ਜਦੋਂ ਵੀਡਿਓ ਵਿੱਚ ਮੁੱਖ ਮੰਤਰੀ ਦਾ ਜ਼ਿਕਰ ਹੋ ਰਿਹਾ ਹੈ ਤਾਂ ਉਨ੍ਹਾਂ ਦਾ ਬਿਆਨ ਐਫ਼ ਆਈ ਆਰ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ? ਕੀ ਸਾਈਬਰ ਸੈੱਲ ਤੇ ਦਬਾਅ ਹੈ ਜਾਂ ਸਰਕਾਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ?

Exit mobile version