‘ਦ ਖ਼ਾਲਸ ਟੀਵੀ (ਜਗਜੀਵਨ ਮੀਤ):- ਤਾਮਿਲਨਾਡੂ ‘ਚ ਹੋਈਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਡੀ. ਕਾਰਤਿਕ ਨੂੰ ਸਿਰਫ ਇੱਕ ਵੋਟ ਮਿਲੀ ਹੈ। ਹਾਲਾਂਕਿ ਇਸ ਉਮੀਦਵਾਰ ਦੇ ਘਰ ਵਿੱਚ ਕੁੱਲ ਪੰਜ ਮੈਂਬਰ ਹਨ। ਇਸ ਉਮੀਦਵਾਰ ਨੂੰ ਇਕ ਵੋਟ ਮਿਲਣੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਤੇ ਡੀ. ਕਾਰਤਿਕ ਨੂੰ ਇਸ ਬਾਰੇ ਸਫਾਈ ਦੇਣੀ ਪੈ ਰਹੀ ਹੈ।
ਕੋਇੰਬਟੂਰ ਜ਼ਿਲ੍ਹੇ ਦੇ ਪੇਰਿਆਨਾਇਕਨਾਪਲਯਮ ਸੰਘ ਵਿੱਚ ਵਾਰਡ ਮੈਂਬਰ ਦੇ ਅਹੁਦੇ ਲਈ ਚੋਣ ਲੜਨ ਵਾਲੇ ਡੀ ਕਾਰਤਿਕ ਨੂੰ ਇੱਕ ਵੋਟ ਮਿਲਣ ਦੀ ਖ਼ਬਰ ਉੱਤੇ ਲੇਖਿਕਾ ਅਤੇ ਕਾਰਕੁਨ ਮੀਨਾ ਕੰਦਾਸਾਮੀ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਸਥਾਨਕ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਨੂੰ ਸਿਰਫ ਇੱਕ ਵੋਟ ਹਾਸਿਲ ਹੋਇਆ ਹੈ। ਘਰ ਦੇ ਚਾਰ ਹੋਰ ਵੋਟਰਾਂ ‘ਤੇ ਮਾਣ ਹੈ ਜਿਨ੍ਹਾਂ ਨੇ ਦੂਜਿਆਂ ਨੂੰ ਵੋਟ ਪਾਉਣ ਦਾ ਫੈਸਲਾ ਕੀਤਾ ਹੈ।
ਇਸੇ ਤਰ੍ਹਾਂ ਕਾਂਗਰਸੀ ਲੀਡਰ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਵਾਰਡ ਮੈਂਬਰ ਦੇ ਅਹੁਦੇ ਲਈ ਚੋਣ ਲੜ ਰਹੇ ਭਾਜਪਾ ਉਮੀਦਵਾਰ ਦੇ ਘਰ ਪੰਜ ਮੈਂਬਰ ਹਨ ਤੇ ਵੋਟ ਇਕ ਹਾਸਿਲ ਹੋਈ ਹੈ। ਇੱਕ ਹੋਰ ਟਵਿੱਟਰ ਯੂਜ਼ਰ ਨੇ ਕਿਹਾ ਹੈ ਕਿ ਕਾਰਤਿਕ ਵੱਲੋਂ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਜਾਰੀ ਕੀਤੇ ਗਏ ਪੋਸਟਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨ੍ਹਾਂ ਸਮੇਤ ਸੱਤ ਹੋਰ ਲੀਡਰਾਂ ਦੀਆਂ ਤਸਵੀਰਾਂ ਸਨ, ਪਰ ਉਨ੍ਹਾਂ ਨੂੰ ਸਿਰਫ ਇੱਕ ਵੋਟ ਮਿਲੀ ਹੈ।
ਇਕ ਅਖਬਾਰ ਨਾਲ ਗੱਲ ਕਰਦਿਆਂ ਭਾਜਪਾ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਰਤਿਕ ਨੇ ਕਿਹਾ ਹੈ ਕਿ ਮੈਂ ਭਾਜਪਾ ਦੀ ਤਰਫ਼ੋਂ ਚੋਣ ਨਹੀਂ ਲੜੀ ਸੀ। ਮੈਂ ਕਾਰ ਚਿੰਨ੍ਹ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਮੇਰੇ ਪਰਿਵਾਰ ਦੀਆਂ ਚਾਰ ਵੋਟਾਂ ਹਨ ਅਤੇ ਸਾਰੀਆਂ ਵੋਟਾਂ ਪੰਚਾਇਤ ਦੇ ਵਾਰਡ 4 ਵਿੱਚ ਹਨ। ਉਨ੍ਹਾਂ ਨੇ ਦੱਸਿਆ, “ਵਾਰਡ ਨੰਬਰ 9 ਜਿੱਥੋਂ ਮੈਂ ਚੋਣ ਲੜੀ ਸੀ, ਮੇਰੇ ਪਰਿਵਾਰ ਦੇ ਚਾਰ ਮੈਂਬਰ ਅਤੇ ਮੇਰੀ ਵੋਟ ਨਹੀਂ ਹੈ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਟਰੋਲਰਾਂ ਦੁਆਰਾ ਗਲਤ ਤੌਰ ‘ਤੇ ਮੇਰਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਮੈਂ ਭਾਜਪਾ ਦੀ ਤਰਫੋਂ ਚੋਣ ਲੜੀ ਸੀ ਅਤੇ ਮੈਨੂੰ ਆਪਣੇ ਪਰਿਵਾਰ ਦੇ ਮੈਂਬਰ ਦੀ ਵੋਟ ਵੀ ਨਹੀਂ ਮਿਲੀ, ਜੋ ਕਿ ਸੱਚ ਨਹੀਂ ਹੈ।