‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਆਪਣੀ ਹੀ ਪਾਰਟੀ ਦੇ ਲੀਡਰਾਂ ਅਨਿਲ ਜੋਸ਼ੀ ਅਤੇ ਮਾਸਟਰ ਮੋਹਨ ਲਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਹ ਦੋਵੇਂ ਅਨੁਸ਼ਾਸਨ ਵਿੱਚ ਰਹਿਣ। ਇਨ੍ਹਾਂ ਨੂੰ ਜੇ ਨੀਤੀਆਂ ਠੀਕ ਨਹੀਂ ਲੱਗਦੀਆਂ ਤਾਂ ਪਾਰਟੀ ਛੱਡ ਦੇਣ। ਦੋਵੇਂ ਲੀਡਰ ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਰਾਹ ਬਣਾ ਰਹੇ ਹਨ। ਜਦੋਂ ਇਹ ਮੰਤਰੀ ਰਹੇ ਸਨ, ਉਦੋਂ ਇਨ੍ਹਾਂ ਨੇ ਸਵਾਲ ਕਿਉਂ ਨਹੀਂ ਚੁੱਕੇ ਸਨ। ਔਖੀ ਘੜੀ ਵਿੱਚ ਇਹ ਪਾਰਟੀ ‘ਤੇ ਸਵਾਲ ਕਿਉਂ ਚੁੱਕ ਰਹੇ ਹਨ। ਸਾਨੂੰ ਦਰਦ ਹੁੰਦਾ ਹੈ ਜਦੋਂ ਕੋਈ ਪਾਰਟੀ ਨੂੰ ਗਲਤ ਕਹਿੰਦਾ ਹੈ। ਮੋਦੀ ਤੋਂ ਬਿਨਾਂ ਪਾਰਟੀ ਕੀ ਰਹਿ ਜਾਂਦੀ ਹੈ।
ਬੀਜੇਪੀ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਨੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ‘ਪੰਜਾਬ ਬੀਜੇਪੀ ਕੇਂਦਰ ਸਰਕਾਰ ਨੂੰ ਸਮਝਾਉਣ ਵਿੱਚ ਨਾਕਾਮ ਰਹੀ ਹੈ। ਪੰਜਾਬ ਬੀਜੇਪੀ ਨੂੰ 2022 ਦੀਆਂ ਚੋਣਾਂ ਵਿੱਚ ਇਸਦਾ ਨੁਕਸਾਨ ਝੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਦੇ ਹੱਥੋਂ ਗੱਲ ਖਿਸਕ ਗਈ ਹੈ, ਜਿਸਦਾ ਮੈਨੂੰ ਅਫਸੋਸ ਹੈ’।
ਉਨ੍ਹਾਂ ਕਿਹਾ ਕਿ ‘ਅਨਿਲ ਜੋਸ਼ੀ ਪਾਰਟੀ ਦਾ ਵਿਰੋਧ ਨਹੀਂ ਕਰ ਰਿਹਾ, ਉਹ ਕਿਸਾਨਾਂ ਦੀ ਹਮਾਇਤ ਕਰ ਰਿਹਾ ਹੈ। ਉਨ੍ਹਾਂ ਬਸ ਇਹੀ ਕਿਹਾ ਕਿ ਜੇ ਬੀਜੇਪੀ ਆਪਣੇ-ਆਪ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਜੇ ਇਹ ਕਿਸਾਨੀ ਮੁੱਦਾ ਲੰਮੇ ਸਮੇਂ ਲਈ ਲਗਾਤਾਰ ਚੱਲਦਾ ਰਿਹਾ ਤਾਂ ਯਕੀਨਨ ਪੰਜਾਬ ਬੀਜੇਪੀ ਨੂੰ ਨੁਕਸਾਨ ਹੋਣ ਵਾਲਾ ਹੈ’।
ਪੰਜਾਬ ਭਾਜਪਾ ਲੀਡਰ ਅਨਿਲ ਜੋਸ਼ੀ ਨੇ ਆਪਣੀ ਹੀ ਪਾਰਟੀ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਬੀਜੇਪੀ 15 ਦਿਨਾਂ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਆਪਣਾ ਸਟੈਂਡ ਸਾਫ ਕਰੇ। ਜੋਸ਼ੀ ਨੇ ਕਿਹਾ ਕਿ ਜੇ ਭਾਜਪਾ ਨੇ ਜਵਾਬ ਨਾ ਦਿੱਤਾ ਤਾਂ ਉਹ ਪੰਜਾਬ ਭਰ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਰਕਰਾਂ ਦੇ ਨਾਲ ਰਾਬਤਾ ਕਰਨਗੇ, ਜੋ ਕਿਸਾਨ ਅੰਦੋਲਨ ਦਾ ਹੱਲ ਕਰਨਾ ਚਾਹੁੰਦੇ ਹਨ।
ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਸੀ ਕਿ ‘ਉੱਚੇ ਅਹੁਦੇ ਵਾਲਿਆਂ ਨੂੰ ਕਿਸਾਨਾਂ ਦੇ ਹਾਲ ਦਾ ਪਤਾ ਨਹੀਂ ਹੈ। 2022 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ ਇਸਦਾ ਨੁਕਸਾਨ ਝੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਨ ਤੱਕ ਵੀ ਮੈਂ ਆਪਣੀ ਗੱਲ ਪਹੁੰਚਾਈ ਸੀ ਪਰ ਕਿਸੇ ਨੇ ਮੇਰੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ’। ਉਨ੍ਹਾਂ ਕਿਹਾ ਕਿ ‘ਦਿੱਲੀ ਬਾਰਡਰਾਂ ‘ਤੇ ਕਿਸਾਨਾਂ ਨੇ ਸਰਦੀਆਂ ਝੱਲੀਆਂ, ਲੰਮਾ ਸੰਘਰਸ਼ ਹੋ ਗਿਆ, ਦਿੱਲੀ ਬਾਰਡਰਾਂ ‘ਤੇ 6 ਮਹੀਨੇ ਹੋ ਗਏ, 500 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ, ਸਰਕਾਰ ਨੂੰ ਕੁੱਝ ਤਾਂ ਦਰਦ ਉੱਠਣਾ ਹੀ ਚਾਹੀਦਾ ਹੈ। ਅਸੀਂ ਪੰਜਾਬ ਵਿੱਚ ਰਹਿੰਦੇ ਹਾਂ, ਪਿੰਡਾਂ ਵਿੱਚ ਰਹਿੰਦੇ ਹਾਂ, ਕਿਸਾਨੀ ਕਰਕੇ ਇੱਥੇ ਤੱਕ ਆਏ ਹਾਂ’।