‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੇਠ ਦਾ ਮਹੀਨਾ ਪਿੰਡ ਮੂਸਾ ਦੇ ਬਲਕੌਰ ਸਿੰਘ ਅਤੇ ਚਰਨ ਕੌਰ ਲਈ ਦਿਲ ਲੂਹਣ ਵਾਲਾ ਦਿਨ ਲੈ ਕੇ ਆਇਆ। ਇੱਕ ਨਹੀਂ, ਸੀਨਾ ਪਾੜ ਕੇ ਰੱਖਣ ਵਾਲੇ ਕਈ ਦਿਨ। ਜੂਨ ਮਹੀਨੇ ਦੌਰਾਨ ਬਲਕੌਰ ਸਿੰਘ ਅਤੇ ਚਰਨ ਕੌਰ ਦੇ ਕਲੇਜੇ ਦਾ ਵਿਆਹ ਧਰਿਆ ਸੀ ਤੇ ਅੱਜ 11 ਜੂਨ ਨੂੰ ਉਹਦਾ 29ਵਾਂ ਜਨਮ ਦਿਨ ਸੀ। ਜੂਨ ਮਹੀਨੇ ਦੌਰਾਨ ਉਨ੍ਹਾਂ ਦੇ ਦਿਲ ਦੇ ਜਿਗਰ ਸ਼ੁਭਦੀਪ ਸਿੰਘ ਨੇ ਸਿਹਰੇ ਸਜਾ ਕੇ ਘੋੜੀ ਚੜਨਾ ਸੀ ਪਰ 30 ਮਈ ਨੂੰ ਉਹਦੀ ਨਾਭੀ ਪੱਗ ਵਿੱਚ ਸਜੀ ਅਰਥੀ ਉੱਠੀ। ਅੱਜ ਜਨਮ ਦਿਨ ਉੱਤੇ ਉਹਦੇ ਘਰ ਪੂਰਾ ਧਮੱਚੜ ਪੈਣਾ ਸੀ ਪਰ ਸਵੇਰ ਤੋਂ ਹੀ ਬਲਕੌਰ ਸਿੰਘ ਅਤੇ ਚਰਨ ਕੌਰ ਦੀਆਂ ਅੱਖਾਂ ਦੇ ਅੱਥਰੂ ਨਹੀਂ ਸੁੱਕ ਰਹੇ। ਘਰ ਵਿੱਚ ਰੱਖੇ ਟੌਮੀ ਨੇ ਸਵੇਰ ਦਾ ਖਾਣੇ ਨੂੰ ਮੂੰਹ ਨਹੀਂ ਲਾਇਆ। ਸ਼ੁਭਦੀਪ ਦੀ ਫਾਰਚੂਨਰ, ਥਾਰ ਅਤੇ 5911 ਟਰੈਕਟਰ ਵੀ ਪੱਥਰ ਹੋਣ ਦੀ ਭਾਅ ਮਾਰਦੇ ਹਨ। ਉਂਝ, ਉਹਦੇ ਚਾਹੁਣ ਵਾਲਿਆਂ ਨੇ ਸ਼ੁਭਦੀਪ ਦੇ ਮਾਪਿਆਂ ਨੂੰ ਮਿੰਟ ਵੀ ਗਲਵਕੜੀ ਵਿੱਚੋਂ ਲਾਂਭੇ ਨਹੀਂ ਹੋਣ ਦਿੱਤਾ ਪਰ ਮਾਂ ਦੀ ਛਾਤੀ ਨੂੰ ਠੰਡ ਸ਼ੁਭਦੀਪ ਤੋਂ ਬਿਨਾਂ ਕਿਵੇਂ ਪਵੇ। ਪਿਉ ਦੇ ਮੋਢੇ ਉੱਤੇ ਹੱਥ ਰੱਖ ਕੇ ਕੌਣ ਕਹੂ, ਬਾਪੂ ਮੇਰਾ ਸਭ ਤੋਂ ਨੇੜਲਾ ਪੱਕਾ ਯਾਰ ਹੈ।
ਸਿੱਧੂ ਮੂਸੇਵਾਲਾ ਆਪਣਾ ਹਰ ਜਨਮ ਦਿਨ ਆਪਣੇ ਪਿੰਡ ਆਪਣੇ ਘਰ ਵਿੱਚ ਮਨਾਉਂਦਾ ਸੀ। ਉਸਦੇ ਜਨਮ ਦਿਨ ਵਾਲੇ ਦਿਨ ਵੱਡੀ ਗਿਣਤੀ ਵਿੱਚ ਉਸਦੇ ਪ੍ਰਸੰਸਕ ਕੇਕ ਅਤੇ ਗਿਫ਼ਟ ਲੈ ਕੇ ਆਉਂਦੇ ਸਨ। ਕਈ ਆਪਣੇ ਹੱਥ ਨਾਲ ਮੂਸੇਵਾਲਾ ਦੀ ਤਸਵੀਰ ਬਣਾ ਕੇ ਲੈ ਕੇ ਆਉਂਦੇ ਸਨ। ਅੱਜ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਸਦੇ ਘਰ ਦੇ ਬਾਹਰ ਉਸਦੇ ਚਾਹੁਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ, ਹਰ ਕੋਈ ਮੌਜੂਦ ਹੈ ਪਰ ਸਿੱਧੂ ਮੂਸੇਵਾਲਾ ਉੱਥੇ ਮੌਜੂਦ ਨਹੀਂ ਹੈ। ਇਸ ਸਮੇਂ ਸਭ ਤੋਂ ਵੱਧ ਪੀੜ ਮੂਸੇਵਾਲਾ ਦੇ ਮਾਪੇ ਝੱਲ ਰਹੇ ਹਨ। ਮੂਸੇਵਾਲਾ ਨੂੰ ਆਪਣੇ ਪਿੰਡ, ਘਰ ਨਾਲ ਏਨਾ ਲਗਾਅ ਸੀ ਕਿ ਉਹ ਕੈਨੇਡਾ ਤੋਂ ਵਾਪਸ ਆ ਕੇ ਇੱਥੇ ਹੀ ਵੱਸ ਗਿਆ। ਅੱਜ ਪਿੰਡ ਮੂਸਾ ਦਾ ਨਿਵਾਸੀ ਨਮ ਅੱਖਾਂ ਨਾਲ ਸ਼ੁਭਦੀਪ ਨੂੰ ਯਾਦ ਕਰ ਰਿਹਾ ਹੈ। ਮੂਸੇਵਾਲਾ ਦੀ ਇੰਸਟਾਗ੍ਰਾਮ ਆਈਟੀ ਟੀਮ ਨੇ ਮੂਸੇਵਾਲਾ ਦੀ ਜ਼ਿੰਦਗੀ ਦੇ ਕੁਝ ਖੂਬਸੂਰਤ ਪਲਾਂ ਦੀ ਬਣਾਈ ਇੱਕ ਵੀਡੀਓ ਨੂੰ ਪੋਸਟ ਕਰਕੇ ਮੂਸੇਵਾਲਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ‘ਤੇ ਆਪਣੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਪੋਸਟ ਕਰਕੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ “ਲੇਖਾ ਦੀਆਂ ਲਿਖੀਆਂ ‘ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ ਰੱਬ ਕੁਝ ਹੋਰ ਵੇ।“
ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। ਉਸਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਸੰਗੀਤ ਸਿੱਖਿਆ ਅਤੇ ਬਾਅਦ ਵਿੱਚ ਕੈਨੇਡਾ ਚਲੇ ਗਏ।
ਸਿੱਧੂ ਮੂਸੇਵਾਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ ‘ਲਾਈਸੈਂਸ’ ਲਈ ਗੀਤਕਾਰ ਵਜੋਂ ਕੀਤੀ ਸੀ। ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ। ਸਿੱਧੂ ਮੂਸੇਵਾਲਾ ਨੇ ‘ਜ਼ੀ ਵੇਗਨ’ ਨਾਲ ਗਾਇਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕਾਂ ‘ਤੇ ਕੰਮ ਕੀਤਾ। ਸਾਲ 2020 ਵਿੱਚ ਸਿੱਧੂ ਨੂੰ ਦਿ ਗਾਰਡੀਅਨ ਦੁਆਰਾ 50 ਨਵੇਂ ਕਲਾਕਾਰਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ।