The Khalas Tv Blog Punjab ਪਤਨੀ ਲਈ ਵੋਟਾਂ ਮੰਗਣ ਮਜੀਠਾ ਪਹੁੰਚੇ ਮਜੀਠੀਆ
Punjab

ਪਤਨੀ ਲਈ ਵੋਟਾਂ ਮੰਗਣ ਮਜੀਠਾ ਪਹੁੰਚੇ ਮਜੀਠੀਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਹਲਕਾ ਮਜੀਠਾ ਤੋਂ ਅਕਾਲੀ-ਬਸਪਾ ਉਮੀਦਵਾਰ ਅਤੇ ਆਪਣੀ ਪਤਨੀ ਗਨੀਵ ਕੌਰ ਮਜੀਠੀਆ ਦੇ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਮਜੀਠੀਆ ਨੇ ਕਿਹਾ ਕਿ ਆਮ ਤੌਰ ‘ਤੇ ਬੰਦੇ ‘ਤੇ ਪਰਚਾ ਥਾਣੇਦਾਰ ਦਿੰਦਾ ਹੈ ਪਰ ਮੇਰੇ ਉੱਤੇ ਪਰਚਾ ਡੀਜੀਪੀ ਨੇ ਦਿੱਤਾ ਹੈ। ਰਾਤੋ-ਰਾਤ ਨਵਾਂ ਥਾਣਾ ਬਣਾਇਆ, ਤਿੰਨ ਡੀਜੀਪੀ ਬਦਲਣੇ ਪਏ, ਚਾਰ ਏਡੀਜੀਪੀ ਬਦਲਣੇ ਪੈ ਗਏ ਅਤੇ ਸਵੇਰੇ 2 ਵਜੇ ਪਹਿਲੀ ਐੱਫਆਈਆਰ ਮੇਰੇ ਖਿਲਾਫ਼ ਦਰਜ ਕੀਤੀ ਗਈ। ਇਹ ਐੱਫਆਈਆਰ ਇਸ ਕਰਕੇ ਦਰਜ ਕੀਤੀ ਗਈ ਕਿ ਮਾਹੌਲ ਇਵੇਂ ਦਾ ਪੈਦਾ ਕੀਤਾ ਜਾਵੇ ਕਿ ਮਜੀਠੀਆ ਚੋਣ ਨਾ ਲੜ ਸਕੇ। ਇਨ੍ਹਾਂ ਨੇ ਮੇਰੇ ਘਰ ਰੇਡਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਵਿਰੋਧੀ ਮੈਨੂੰ ਠੋਕਣ ਨੂੰ ਫਿਰਦੇ ਸਨ, ਉਹ ਅੱਜ ਆਪ ਠੁਕੇ ਫਿਰਦੇ ਹਨ। ਜਿਹੜੇ ਡੀਜੀਪੀ ਨੇ ਮੇਰੇ ਖਿਲਾਫ਼ ਪਰਚਾ ਦਰਜ ਕੀਤਾ ਸੀ, 18 ਦਿਨਾਂ ਦੇ ਅੰਦਰ-ਅੰਦਰ ਉਹ ਆਪਣੀ ਕੁਰਸੀ ਤੋਂ ਡਿੱਗ ਪਿਆ। ਉਸ ‘ਤੇ ਹੁਣ ਪਰਚਾ ਹੋਣ ਲੱਗਾ ਹੈ। ਸੁਪਰੀਮ ਕੋਰਟ ਅਤੇ ਯੂਪੀਐੱਸਸੀ ਨੇ ਇਸਦੇ ਖਿਲਾਫ਼ ਟਿੱਪਣੀ ਕਰ ਦਿੱਤੀ ਹੈ ਅਤੇ ਹੁਣ ਜਲਦ ਹੀ ਇਸਦੇ ਖਿਲਾਫ਼ ਐੱਨਆਈਏ ਦਾ ਪਰਚਾ ਦਰਜ ਹੋ ਜਾਣਾ ਹੈ। ਮੈਨੂੰ ਅੰਦਰ ਦੇਣ ਵਾਲਾ ਮੇਰੇ ਤੋਂ ਪਹਿਲਾਂ ਹੀ ਅੰਦਰ ਹੋ ਜਾਣਾ ਹੈ। ਕਾਂਗਰਸੀਆਂ ਨੂੰ ਮੇਰੇ ਨਾਂ ‘ਤੇ ਮਿਰਚਾਂ ਵੱਧ ਲੱਗਦੀਆਂ ਹਨ।

ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਚੰਨੀ ਮੇਰੇ ਉੱਤੇ ਪਰਚਾ ਕਰਵਾਉਣ ਨੂੰ ਫਿਰਦੇ ਸਨ, ਹੁਣ ਉਨ੍ਹਾਂ ਉੱਤੇ ਹੀ ਪਰਚਾ ਹੋ ਗਿਆ। ਚੰਨੀ ਆਪਣੇ ਆਪ ਨੂੰ ਗਰੀਬ ਕਹਿੰਦੇ ਹਨ ਪਰ ਉਸ ਕੋਲ 500 ਕਰੋੜ ਦੀ ਜਾਇਦਾਦ ਹੈ, 10 ਕਰੋੜ ਰੁਪਏ ਉਸਦੇ ਘਰੋਂ ਨਿਕਲੇ ਹਨ। ਹਾਲੇ ਰਾਹੁਲ ਗਾਂਧੀ ਉਸਨੂੰ ਗਰੀਬ ਦੱਸਦਾ ਹੈ ਤਾਂ ਫਿਰ ਅਮੀਰ ਕਿਹੜਾ ਹੈ। ਮਜੀਠੀਆ ਨੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਦੀ ਤਾਂ ਪੱਕੀ ਹੀ ਤਾਲੀ ਠੋਕ ਦਿੱਤੀ। ਹੁਣ ਮੇਰੇ ਉਸਦੇ ਨਾਲ ਸਿੰਙ ਫਸੇ ਹਨ। ਮੈਨੂੰ ਮਜੀਠੀਆ ਤੋਂ ਅੰਮ੍ਰਿਤਸਰ ਪੂਰਬੀ ਜਾਣ ਵੇਲੇ ਦੁੱਖ ਹੋਇਆ ਸੀ ਪਰ ਉਸ ਹਲਕੇ ਦੇ ਹਾਲਾਤ ਬਹੁਤ ਮਾੜੇ ਹਨ।

ਮਜੀਠੀਆ ਨੇ ਕਿਹਾ ਕਿ ਬਾਕੀਆਂ ਵਾਂਗੂੰ ਮੈਂ ਵੀ ਆਪਣੀ ਘਰਵਾਲੀ ਤੋਂ ਡਰਦਾ ਹਾਂ। ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਤੇਰੀ ਘਰਵਾਲੀ ਨੂੰ ਤੇਰੇ ਤੋਂ ਵੱਧ ਵੋਟਾਂ ਤੋਂ ਜਿਤਾ ਦੇਣਾ ਹੈ। ਮਜੀਠੀਆ ਨੇ ਲੋਕਾਂ ਤੋਂ ਆਪਣੀ ਘਰਵਾਲੀ ਲਈ ਵੋਟਾਂ ਮੰਗੀਆਂ। ਜਿੱਥੇ ਅਕਾਲੀ ਦਲ ਦੇ ਝੰਡੇ ਨਹੀਂ ਲੱਗੇ, ਉੱਥੇ ਝੰਡੇ ਲਾ ਦਿਉ।

Exit mobile version