The Khalas Tv Blog Punjab ਮਜੀਠੀਆ ਨੇ ਲਾਈਵ ਹੋ ਕੇ ਘੇਰੀ ਭਗਵੰਤ ਮਾਨ ਸਰਕਾਰ! ਰੰਧਾਵਾ ਦੀ ਮੌਤ ਲਈ ਭ੍ਰਿਸ਼ਟਾਚਾਰ ਨੂੰ ਦੱਸਿਆ ਜ਼ਿੰਮੇਵਾਰ
Punjab

ਮਜੀਠੀਆ ਨੇ ਲਾਈਵ ਹੋ ਕੇ ਘੇਰੀ ਭਗਵੰਤ ਮਾਨ ਸਰਕਾਰ! ਰੰਧਾਵਾ ਦੀ ਮੌਤ ਲਈ ਭ੍ਰਿਸ਼ਟਾਚਾਰ ਨੂੰ ਦੱਸਿਆ ਜ਼ਿੰਮੇਵਾਰ

ਅੰਮ੍ਰਿਤਸਰ (26 ਮਾਰਚ, 2026): ਅੰਮ੍ਰਿਤਸਰ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉੱਤੇ ਗੰਭੀਰ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ‘ਬਦਲਾਅ’ ਦੀ ਗੱਲ ਕਰਦੀ ਸੀ, ਉਸਦਾ ਅਸਲੀ ਰੂਪ ਅੱਜ ਸਾਰਿਆਂ ਦੇ ਸਾਹਮਣੇ ਹੈ।

ਮਜੀਠੀਆ ਨੇ ਸਿੱਧਾ ਇਲਜ਼ਾਮ ਲਾਇਆ ਕਿ ਡਾ. ਗਗਨਦੀਪ ਰੰਧਾਵਾ ਦੀ ਮੌਤ ਦਾ ਅਸਲ ਕਾਰਨ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਸੀ। ਉਨ੍ਹਾਂ ਕਿਹਾ ਕਿ ਮੰਤਰੀ ਦਾ ਪਰਿਵਾਰ ਗ਼ਲਤ ਤਰੀਕੇ ਨਾਲ ਪੈਸਾ ਕਮਾਉਣਾ ਚਾਹੁੰਦਾ ਸੀ ਅਤੇ ਇਮਾਨਦਾਰ ਜ਼ਿਲ੍ਹਾ ਮੈਨੇਜਰ (DM) ਉਨ੍ਹਾਂ ਦੇ ਇਸ ਭ੍ਰਿਸ਼ਟਾਚਾਰ ਦੇ ਰਾਹ ਵਿੱਚ ਅੜਿੱਕਾ ਬਣ ਰਿਹਾ ਸੀ, ਜਿਸ ਕਾਰਨ ਉਸ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ।

ਅਕਾਲੀ ਆਗੂ ਨੇ ਕਿਹਾ ਕਿ ਜੇ ਸਰਕਾਰ ਸਮੇਂ ਸਿਰ ਸਹੀ ਭੂਮਿਕਾ ਨਿਭਾਉਂਦੀ ਤਾਂ ਇਹ ਦੁਖਦਾਈ ਹਾਦਸਾ ਟਲ ਸਕਦਾ ਸੀ। ਉਨ੍ਹਾਂ ਸਵਾਲ ਕੀਤਾ ਕਿ ਹੁਣ ਪੰਜਾਬ ਸਰਕਾਰ ਇਸ ਮਾਮਲੇ ਦੀ ਸੀਬੀਆਈ (CBI) ਜਾਂਚ ਕਰਵਾਉਣ ਤੋਂ ਕਿਉਂ ਡਰ ਰਹੀ ਹੈ? 

ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵੀ ਤਨਜ਼ ਕਸਦਿਆਂ ਪੁੱਛਿਆ ਕਿ ਉਹ ਸੀਬੀਆਈ ਜਾਂਚ ਦੇ ਰਾਹ ਵਿੱਚ ਕਿਉਂ ਰੁਕਾਵਟ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਰਾਜਾ ਵੜਿੰਗ ਨੂੰ ਵੀ ਕਿਸੇ ਗੱਲ ਦਾ ਡਰ ਸਤਾ ਰਿਹਾ ਹੈ।

Exit mobile version