The Khalas Tv Blog Punjab ਮਜੀਠੀਆ ਨੂੰ ਖਾਣੀ ਪਊ ਜੇਲ੍ਹ ਦੀ ਰੋਟੀ
Punjab

ਮਜੀਠੀਆ ਨੂੰ ਖਾਣੀ ਪਊ ਜੇਲ੍ਹ ਦੀ ਰੋਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮ ਵੱਲੋਂ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ 14 ਦਿਨਾਂ ਦਾ ਜੁਡੀਸ਼ਲ ਰਿਮਾਂਡ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮ ਦੀ ਰੈਗੂਲਰ ਜ਼ਮਾਨਤ ਦੀ ਸੁਣਵਾਈ ਹਾਲੇ ਬਾਕੀ ਹੈ। ਪੰਜਾਬ ਸਰਕਾਰ ਵੱਲੋਂ ਮਜੀਠੀਆ ਦੇ ਖ਼ਿਲਾਫ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਅਲੋਪ ਹੋਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦੇ ਦਿੱਤੀ ਜਿਸ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ।

ਮਜੀਠੀਆ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ। ਉੱਚ ਅਦਾਲਤ ਵੱਲੋਂ ਵੀ ਉਸਨੂੰ ਕੁੱਝ ਦਿਨਾਂ ਦੀ ਰਾਹਤ ਦੇ ਕੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਮੁਲਜ਼ਮ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਕੇ ਅਗਲੇ ਦਿਨ ਜ਼ਮਾਨਤ ਲਈ ਅਦਾਲਤ ਮੂਹਰੇ ਪੇਸ਼ ਹੋਣ ਦੀ ਹਦਾਇਤ ਕੀਤੀ ਸੀ। ਅੱਜ ਉਹ ਅਦਾਲਤ ਵਿੱਚ ਪੇਸ਼ ਹੋਏ। ਇਸ ਤੋਂ ਪਹਿਲਾਂ ਐੱਸਆਈਟੀ ਵੱਲੋਂ ਮੁਲਜ਼ਮ ਕੋਲੋਂ ਦੋ ਘੰਟੇ ਪੁੱਛ ਪੜਤਾਲ ਕੀਤੀ ਗਈ। ਅਦਾਲਤ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਮੁਲਜ਼ਮ ਨੂੰ ਜੁਡੀਸ਼ਲ ਰਿਮਾਂਡ ਦੇ ਕੇ ਅੱਠ ਮਾਰਚ ਤੱਕ ਜੇਲ੍ਹ ਦੇ ਚਨੇ ਖਾਣ ਲਈ ਕਹਿ ਦਿੱਤਾ ਹੈ। ਇੱਕ ਹੋਰ ਜਾਣਕਾਰੀ ਅਨੁਸਾਰ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਭਲਕ ਨੂੰ ਹੋਵੇਗੀ।

Exit mobile version