The Khalas Tv Blog Punjab ਜੇਲ੍ਹ ਤੋਂ ਬਾਹਰ ਆਉਣ ‘ਤੇ ਮਜੀਠੀਆ ਦੀ ਜ਼ੁਬਾਨ ‘ਤੇ ਆਹ ਪੰਜ ਨਾਮ
Punjab

ਜੇਲ੍ਹ ਤੋਂ ਬਾਹਰ ਆਉਣ ‘ਤੇ ਮਜੀਠੀਆ ਦੀ ਜ਼ੁਬਾਨ ‘ਤੇ ਆਹ ਪੰਜ ਨਾਮ

‘ਦ ਖ਼ਾਲਸ ਬਿਊਰੋ :- ਡਰੱਗ ਮਾਮਲੇ ਵਿੱਚ ਜੇਲ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਜੀਠੀਆ ਨੇ ਸਰਕਾਰ ਤੋਂ ਸਭ ਤੋਂ ਪਹਿਲੀ ਮੰਗ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੀਤੀ ਹੈ। ਮਜੀਠੀਆ ਨੇ ਫੇਰ ਤੋਂ ਆਪਣੇ ਆਪ ਦਾ ਬਚਾਅ ਕਰਦਿਆਂ ਸਰਕਾਰ ਉੱਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ ਹੈ। ਇਸਦੇ ਨਾਲ ਹੀ ਮਜੀਠੀਆ ਨੇ ਆਪਣੇ ਵਕੀਲਾਂ ਦਾ ਧੰਨਵਾਦ ਕਰਦਿਆਂ ਆਪਣੇ ਲਈ ਅਰਦਾਸਾਂ ਕਰਨ ਵਾਲੇ ਲੋਕਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਮਜੀਠੀਆ ਨੇ ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਐੱਮ ਬਣਨ ਅਤੇ ਵਿਆਹ ਦੀਆਂ ਵਧਾਈਆਂ ਵੀ ਦਿੱਤੀਆਂ।

ਬਿਕਰਮ ਸਿੰਘ ਮਜੀਠਿਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੋ ਲੱਖ ਦੇ ਮੁਚਲਕੇ ‘ਤੇ ਜ਼ਮਾਨਤ ਮਿਲੀ ਹੈ। ਮਜੀਠੀਆ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣਾ ਪਵੇਗਾ। ਬੁਲਾਏ ਜਾਣ ‘ਤੇ ਟ੍ਰਾਇਲ ਕੋਰਟ ‘ਚ ਪੇਸ਼ ਹੋਣਾ ਪਵੇਗਾ। 

ਬਿਕਰਮ ਮਜੀਠੀਆ ਵਿਰੁੱਧ ਪਿਛਲੀ ਪੰਜਾਬ ਕਾਂਗਰਸ ਸਰਕਾਰ ਨੇ ਦਸੰਬਰ 2021 ਵਿੱਚ NDPS ਤਹਿਤ ਕੇਸ ਦਾਇਰ ਕੀਤਾ ਸੀ। ਮਜੀਠੀਆ ਨੇ ਇਸ ਤੋਂ ਪਹਿਲਾਂ ਫਰਵਰੀ ਵਿੱਚ ਮੁਹਾਲੀ ਦੀ ਇੱਕ ਅਦਾਲਤ ਵਿੱਚ ਜਾ ਕੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਉਸ ਦੀ ਪਟੀਸ਼ਨ ਨੂੰ ਜ਼ਿਲ੍ਹਾ ਅਦਾਲਤ ਨੇ ਖਾਰਜ ਕਰ ਦਿੱਤਾ ਅਤੇ ਉਸ ਨੂੰ ਸੁਪਰੀਮ ਕੋਰਟ ਵਿੱਚ ਜਾਣ ਲਈ ਕਿਹਾ। 11 ਮਈ ਨੂੰ ਸਿਖਰਲੀ ਅਦਾਲਤ ਨੇ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਸੀ।

Exit mobile version